Tuesday, April 7, 2026

ਅਧਿਆਪਕਾਂ ਦਾ ਸਮੁੱਚਾ ਰਿਕਾਰਡ ਮੁਕੰਮਲ ਕਰਕੇ ਸਿੱਖਿਆ ਵਿਭਾਗ ਹਵਾਲੇ ਕਰਨ ਦੇ ਦਿੱਤੇ ਨਿਰਦੇਸ਼

ਈ.ਟੀ.ਟੀ ਅਧਿਆਪਕ ਯੂਨੀਅਨ ਤੇ ਏ.ਡੀ.ਸੀ ਵਿਕਾਸ ਵਿਚਕਾਰ ਹੋਈ ਵਿਸਥਾਰਿਤ ਮੀਟਿੰਗ
ਅਧਿਆਪਕਾਂ ਦੇ ਕੰਮ ਲਟਕਾਉਣ ਵਾਲਿਆਂ ਦੀ ਹੋਵੇਗੀ ਜਵਾਬ ਤਲਬੀ- ਵਰਿੰਦਰ ਸ਼ਰਮਾ

PPN2701201513
ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨਾਲ ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਈ.ਟੀ.ਟੀ. ਅਧਿਆਪਕਾਂ ਦੇ ਲਟਕਦੇ ਮਸਲਿਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਮਿਲਣ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਇੱਥੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰ ਸਰਮਾਂ ਨਾਲ ਵਿਸਥਾਰਿਤ ਮੀਟਿੰਗ ਕੀਤੀ ਗਈ। ਕਰੀਬ ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਪਿਛਲੇ ਦਿਨੀਂ ਏ.ਡੀ.ਸੀ. ਵਿਕਾਸ ਨੂੰ ਦਿੱਤੇ ਮੰਗ ਪੱਤਰ ਦੇ ਸਬੰਧ ਵਿੱਚ ਆਪਣੀਆਂ ਮੰਗਾਂ ਤੇ ਹੋਈ ਕਾਰਵਾਈ ਸਬੰਧੀ ਬਾਕੀ ਰਹੇ ਕੰਮਾਂ ਨੂੰ ਤੇਜੀ ਨਾਲ ਪੂਰਾ ਕਰਨ ਪੂਰੀ ਰੂਪ ਰੇਖਾ ਏ.ਡੀ.ਸੀ. ਤੇ ਧਿਆਨ ਵਿੱਚ ਲਿਆਂਦੀ।ਉਨਾਂ ਆਪਣੀਆਂ ਪੁਰਾਣੀਆਂ ਮੰਗਾਂ ਵਿੱਚ ਹੋਰਨਾਂ ਜ਼ਿਲਿਆਂ ਦੇ ਮੁਕਾਬਲੇ ਬਠਿੰਡਾ ਜ਼ਿਲ੍ਹੇ ਦੇ ਅਧਿਆਪਕਾਂ ਦੇ ਡੀ.ਏ. ਦੇ ਬਕਾਏ, ਮੈਡੀਕਲ ਕਲੇਮ, ਏ.ਸੀ.ਪੀ. ਬਕਾਏ, ਅਨਾਮਲੀ, ਟਾਈਮ ਬਾਰ ਹੋਏ ਬਿੱਲ ਅਜੇ ਬਾਕੀ ਹਨ, ਸਾਲ 2008 ਤੋਂ ਟਾਈਮ ਬਾਰ ਹੋਏ ਬਿੱਲਾਂ ਦੀ ਪ੍ਰਵਾਨਗੀ ਲਈ ਵਿਸਥਾਰ ਸਹਿਤ ਗੱਲਬਾਤ ਕੀਤੀ।ਟਾਈਮ ਬਾਰ ਹੋਏ ਬਿੱਲ ਅਤੇ ਅਧਿਆਪਕਾਂ ਦੇ ਪੁਰਾਣੇ ਬਕਾਏ ਜਾਰੀ ਕਰਨ ਵਿੱਚ ਹੋਈ ਦਫਤਰ ਦੀ ਅਣਗਹਿਲੀ ਦੇ ਚਲਦਿਆਂ ਹੁਣ ਇਨ੍ਹਾਂ ਨੂੰ ਜਾਰੀ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਸਿੱਖਿਆ ਵਿਭਾਗ ਵੱਲੋਂ ਇੱਕ ਦੂਸਰੇ ਦੇ ਥੋਪਣ ਦੀ ਗੱਲ ਧਿਆਨ ਵਿੱਚ ਲਿਆਂਉਂਦਿਆਂ ਇਸ ਮਸਲੇ ਨੂੰ ਜਲਦੀ ਹੱਲ ਕਰਨ ਦੀ ਮੰਗ ਕੀਤੀ। ਅਧਿਆਪਕ ਮੰਗਾਂ ਦੇ ਜੁਆਬ ਵਿੱਚ ਏ.ਡੀ.ਸੀ. ਵਰਿੰਦਰ ਸ਼ਰਮਾਂ ਨੇ ਦਫਤਰੀ ਅਮਲੇ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਅਧਿਆਪਕਾਂ ਦਾ ਹਰ ਤਰ੍ਹਾਂ ਦਾ ਰਿਕਾਰਡ ਫੌਰੀ ਤੌਰ ਤੇ ਪੂਰਾ ਕਰਨ ਅਤੇ ਇਸ ਨੂੰ ਸਿੱਖਿਆ ਵਿਭਾਗ ਦੇ ਸਪੁੱਰਦ ਕਰਨ ਦੇ ਨਿਰਦੇਸ਼ ਦਿੱਤੇ।ਉਨਾਂ ਕੁਝ ਅਧਿਆਪਕਾਂ ਦੇ ਮੈਡੀਕਲ ਬਿੱਲਾਂ ਦੀ ਅਸਲ ਫਾਈਲਾਂ ਦਫਤਰੀ ਅਮਲੇ ਦੀ ਕੁਤਾਹੀ ਕਾਰਨ ਗੁਆਚਣ, ਅਧਿਆਪਕਾਂ ਦੀਆਂ ਪੁਲਿਸ ਵੈਰੀਫਿਕੇਸ਼ਨ ਅਤੇ ਮੈਡੀਕਲ ਜਾਂਚ ਵਾਲੇ ਸਰਟੀਫਿਕੇਟ ਪਰਸਨਲ ਫਾਈਲਾਂ ਵਿੱਚ ਗੁੰਮ ਹੋਣ ਲਈ ਜ਼ਿਲ੍ਹੇ ਦੇ ਬਲਾਕ ਦਫਤਰਾਂ ਤੋਂ ਇਸ ਦੀ ਜਵਾਬਤਲਬੀ ਕਰਨ ਲਈ ਕਿਹਾ।ਉੱਪਰਲੇ ਲੈਵਲ ਤੇ ਨਜਿੱਠੇ ਜਾਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ  ਮਾਣਯੋਗ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਚੰਡੀਗੜ੍ਹ ਨੂੰ ਦਫ਼ਤਰ ਵੱਲੋਂ ਲਿਖਤੀ ਪੱਤਰ ਭੇਜਣ ਦੀ ਗੱਲ ਕਹੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ ਜਗਤਾਰ ਸਿੰਘ ਬਾਠ ਤੋਂ ਇਲਾਵਾ ਨਛੱਤਰ ਵਿਰਕ, ਅਰਜਣ ਢਿੱਲੋ, ਰਾਜਿੰਦਰ ਸਿੰਘ ਗੋਨਿਆਣਾ, ਜਗਮੇਲ ਸਿੰਘ ਬਠਿੰਡਾ, ਨਰਪਿੰਦਰ ਨਿੱਪੀ, ਹਰਭਜਨ ਸਿੰਘ, ਸ਼ਸ਼ੀ ਕੁਮਾਰ, ਜੋਗਾ ਸਿੰਘ, ਰਾਜ ਕੁਮਾਰ ਵਰਮਾਂ ਆਦਿ ਅਧਿਆਪਕ ਵੀ ਇੱਥੇ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply