Saturday, March 21, 2026

ਰਾਸ਼ਟਰੀ ਵਿਦ੍ਰੋਹ ਦੇ ਦੌਰਾਨ ਅਜਨਾਲਾ ਵਿੱਚ ਮਾਰੇ ਗਏ ਹਿੰਦੁਸਤਾਨੀ ਸੈਨਿਕਾਂ ਦਾ ਮਾਮਲਾ

ਸੈਨਿਕਾਂ ਦੇ ਵਾਰਸਾਂ ਦੀ ਤਾਲਾਸ਼ ਦੇ ਲਈ ਕੋਛੜ ਉੱਤਰ ਪ੍ਰਦੇਸ਼ ਸੂਬੇ ਤੋਂ ਮੰਗਣਗੇ ਸਹਿਯੋਗ

Surinder Kohar

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – 1857 ਦੇ ਰਾਸ਼ਟਰੀ ਵਿਦ੍ਰੋਹ ਦੇ ਦੌਰਾਨ ਅਜਨਾਲਾ ਵਿਚ ਬੇਰਹਿਮੀ ਨਾਲ ਹੱਤਿਆ ਕਰਕੇ ਖੂਹ ਵਿੱਚ ਦਫ਼ਨ ਕਰ ਦਿੱਤੇ ਗਏ 282 ਹਿੰਦੁਸਤਾਨੀ ਸੈਨਿਕਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਵਾਰਿਸਾਂ ਸੰਬੰਧੀ ਜਾਣਕਾਰੀ ਇਕਠੀ ਕਰਨ ਅਤੇ ਖੂਹ ਵਿਚੋਂ ਮਿਲੀਆਂ ਹੱਡੀਆਂ ਦਾ ਡੀ.ਐਨ.ਏ ਕਰਾਉਣ ਵਿੱਚ ਸੂਬਾ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ।ਇਸ ਲਈ ਹੁਣ ਸੈਨਿਕਾਂ ਦੀ ਪਹਿਚਾਣ ਦੇ ਲਈ ਉੱਤਰ ਪ੍ਰਦੇਸ਼ ਸੂਬਾ ਸਰਕਾਰ, ਮੀਡੀਆ ਅਤੇ ਸਮਾਜਿਕ ਸੰਸਥਾਵਾਂ ਪਾਸੋਂ ਸਹਿਯੋਗ ਮੰਗਿਆ ਜਾਵੇਗਾ।ਇਹ ਸ਼ਬਦ ਅੱਜ ਸਵੇਰੇ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚੋਂ 157 ਵਰ੍ਹਿਆਂ ਤੋਂ ਦਫ਼ਨ ਰਾਸ਼ਟਰੀ ਵਿਦ੍ਰੋਹ ਦੇ ਸੈਨਿਕਾਂ ਦੀਆਂ ਅਸਥੀਆਂ ਬਾਹਰ ਕਢਵਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਇਤਿਹਾਸਕਾਰ ਤੇ ਖੋਜ ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਕਹੇ।ਉਹਨਾਂ ਕਿਹਾ ਕਿ ਉਪਰੋਕਤ ਹੱਤਿਆ ਕਾਂਢ ਵਿਚ ਮਾਰੇ ਜਾਣ ਵਾਲੇ ਵਧੇਰੇ ਸੈਨਿਕ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਪੁੱਤਰ ਸਨ ਅਤੇ ਹੁਣ ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਲਈ ਉਹ ਖੁੱਦ ਨਿੱਜੀ ਖਰਚ ‘ਤੇ 13 ਫਰਵਰੀ ਤੋਂ ਉੱਤਰ ਪ੍ਰਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਦਾ ਦੌਰਾ ਕਰਨਗੇ।
ਇਤਿਹਾਸਕਾਰ ਸ਼੍ਰੀ ਕੋਛੜ ਜੋੋ ਕਿ ਪੰਜਾਬ ਸਰਕਾਰ ਦੁਆਰਾ ਅਜਨਾਲਾ ਦੇ ਖੂਹ ਸੰਬੰਧੀ ਬਣਾਈ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ, ਪਾਸੋਂ ਅਜਨਾਲਾ ਦੇ ਗੁਰਦੁਆਰੇ ਦੀ ਸਥਾਨਕ ਕਮੇਟੀ ਦੁਆਰਾ ਖੂਹ ਦੇ ਅੱਜ ਸ਼ੁਰੂ ਕਰਵਾਏ ਗਏ ਨਵ-ਨਿਰਮਾਣ ਦੇ ਸੰਬੰਧ ਵਿਚ ਪੁੱਛੇ ਜਾਣ ‘ਤੇ ਉਨ੍ਹਾਂ ਨੇ ਉਪਰੋਕਤ ਖੂਹ ਦੀ ਖ਼ਸਤਾ ਹੋ ਰਹੀ ਹਾਲਤ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਉਪਰੋਕਤ ਖੂਹ ਦਾ ਨਵ-ਨਿਰਮਾਣ ਕਰਵਾਇਆ ਜਾਣਾ ਜ਼ਰੂਰੀ ਹੈ, ਪਰ ਸੈਰ ਸਪਾਟਾ ਵਿਭਾਗ ਦੇ ਪ੍ਰਿੰਸੀਪਲ ਸਕਤਰ, ਡਾਇਰੇਕਟਰ, ਸੇਨਾ ਦੇ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨਾਲ ਉਹਨਾਂ ਦੀ ਹੋਈ ਮੀਟਿੰਗ ਦੌਰਾਨ ਉਪਰੋਕਤ ਅਧਿਕਾਰੀ ਸਪੱਸ਼ਟ ਤੌਰ ‘ਤੇ ਕਹਿ ਚੁਕੇ ਹਨ ਕਿ ਉਪਰੋਕਤ ਖੂਹ ਜਿਸ ਗੁਰਦੁਆਰੇ ਦੇ ਅਹਾਤੇ ਦੇ ਅੰਦਰ ਮੌਜੂਦ ਹੈ, ਉਹ ਗੁਰਦੁਆਰਾ ਸੇਨਾ ਦੇ ਅਧਿਕਾਰ ਵਿਚ ਆਉਂਦੀ ਭੂਮੀ ‘ਤੇ ਨਜ਼ਾਇਜ਼ ਕਬਜ਼ਾ ਕਰਕੇ ਉਸਾਰਿਆ ਗਿਆ ਹੈੈ।ਜਿਸ ਕਾਰਣ ਇਸ ਸੰਬੰਧੀ ਅਜੇ ਕੋਈ ਵੀ ਫੈਸਲਾ ਲਿਆ ਜਾਣਾ ਸੰਭਵ ਨਹੀਂ ਹੈ।
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸਪੱਸ਼ਟ ਤੌਰ ‘ਤੇ ਕਹਿ ਚੁੱਕੇ ਹਨ ਕਿ ਉਪਰੋਕਤ ਖੂਹ ਜਿਸ ਗੁਰਦੁਆਰੇ ਦੇ ਅਹਾਤੇ ਦੇ ਅੰਦਰ ਮੌਜੂਦ ਹੈ, ਉਸ ਗੁਰਦੁਆਰੇ ਨੂੰ ਨਜ਼ਾਇਜ਼ ਢੰਗ ਨਾਲ ਕਬਜ਼ਾ ਕਰਕੇ ਉਸਾਰੇ ਜਾਣ ਕਰਕੇ ਸ੍ਰੀ ਅਕਾਲ ਤਖ਼ਤ ਵਲੋਂ ਮਾਨਤਾ ਪ੍ਰਾਪਤ ਨਹੀਂ ਹੈ, ਕਿਉਂਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਇਸ ਤਰਾਂ ਨਜ਼ਾਇਜ਼ ਕਬਜ਼ਾ ਕਰਕੇ ਗੁਰਦੁਆਰਾ ਨਿਰਮਾਣ ਕਰਨ ਦੀ ਮਨਜ਼ੂਰੀ ਨਹੀਂ ਹੈ।ਇਥੇ ਇਹ ਵੀ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਅਜਨਾਲਾ ਦੀ ਕੈਂਪਿੰਗ ਗਰਾਉਂਡ ਵਿਚ ਭਾਰਤੀ ਸੇਨਾ ਦੇ ਅਧਿਕਾਰ ਵਿਚ ਆਉਂਦੀ ਭੂਮੀ ‘ਤੇ ਮੌਜੂਦ ਉਪਰੋਕਤ ਮਨੁੱਖੀ ਲਾਸ਼ਾਂ ਨਾਲ ਭਰੇ ਖੂਹ ਦੇ ਉਪਰ ਗੁਰਦੁਆਰਾ ਕਮੇਟੀ ਵਲੋਂ ਪਿਛਲੇ 42 ਵਰ੍ਹਿਆਂ ਤੋਂ ਨਿਰਵਿਘਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ।

ਰਾਸ਼ਟਰ ਦੀ ਸੰਪਤੀ ਹਨ ਖੂਹ ਵਿਚੋਂ ਮਿਲੀਆਂ ਸੈਨਿਕਾਂ ਦੀਆਂ ਨਿਸ਼ਾਨੀਆਂ
ਖੂਹ ਦੀ ਖੁਦਾਈ ਦੇ ਦੌਰਾਨ ਉਸ ਵਿਚੋਂ ਸੈਨਿਕਾਂ ਦੇ ਪਿੰਜਰਾ ਦੇ ਨਾਲ ਮਿਲੀਆਂ ਉਨ੍ਹਾਂ ਦੀਆਂ ਨਿਸ਼ਾਨੀਆਂ ਦੇ ਸੰਬੰਧ ਵਿਚ ਪੁੱਛੇ ਜਾਣ ‘ਤੇ ਸ਼੍ਰੀ ਕੋਛੜ ਨੇ ਦੱਸਿਆ ਕਿ ਉਹਨਾਂ ਦੀ ਨਿਗਰਾਨੀ ਵਿਚ ਮਿੱਟੀ ਦੀ ਛਿਨਾਈ ਕਰਨ ‘ਤੇ ਸ਼ੁੱਧ ਸੋਨੇ ਦੇ 25 ਤੋਂ ਵਧੇਰੇ ਮੋਤੀ, ਸੋਨੇ ਦੇ ਤਿੰਨ ਭਾਰੀ ਤਵੀਤ, ਸੋਨੇ ਦੇ ਚਾਰ ਪਤਰੇ, ਸੋਨੇ ਦੀ ਢਾਈ ਇੰਚ ਲੰਬੀ ਤਾਰ, ਪੁਰਸ਼ਾਂ ਦੁਆਰਾ ਕਨ ਵਿਚ ਪਾਈ ਜਾਣ ਵਾਲੀ ਸੋਨੇ ਦੀ ਵੱਡੀ ਵਾਲੀ, ਬ੍ਰਿਟਿਸ਼ ਇਸਟ ਇੰਡੀਆ ਕੰਪਨੀ ਦੇ ਇਕ-ਇਕ ਰੁਪਏ ਦੇ 83 ਸਿੱਕੇ (ਸੰਨ 1835 ਅਤੇ ਸੰਨ 1840 ਦੇ), 19 ਚਾਰ ਆਨੇ ਦੇ ਤਾਂਬੇ ਦੇ ਸਿੱਕੇ, ਸ਼ੇਰ ਦੇ ਮੂੰਹ ਵਾਲੇ ਦੋ ਕੜੇ, ਤਿੰਨ ਵਿਕਟੋਰੀਆ ਮੈਡਲ, ਇਕ ਵਿਕਟੋਰੀਆ ਮੈਡਲ ਦਾ ਚਾਂਦੀ ਦਾ ਬੱਕਲ, ਚਾਰ ਮੁੰਦਰੀਆਂ, ਤਿੰਨ ਛੱਲੇ, ਦੋ ਲਾਕੇਟ, ਸੱਤ ਗੋਲੀਆਂ, ਤਿੰਨ ਰੁਦਰਾਕਸ਼ ਮੋਤੀ, ਚਾਰ ਪੱਥਰ ਮੋਤੀ (ਸਟੋਨ), ਇਕ ਟੂਥ ਪੀਕ ਲੋਹੇ ਦਾ, ਇਕ ਬੈਲਟ ਦਾ ਬੱਕਲ ਅਤੇ ਕਮੀਜ਼ ਦੇ ਤਿੰਨ ਬਟਨ ਅਤੇ ਕੁਝ ਹੋਰ ਸਾਮਾਨ ਮਿਲਿਆ ਹੈ, ਜਦੋਂਕਿ ਬਾਕੀ ਬਚੀ ਮਿੱਟੀ ਦੀ ਛਿਨਾਈ ਕਰਨ ‘ਤੇ ਕੀ ਕੁਝ ਪ੍ਰਾਪਤ ਹੋਇਆ ਇਸ ਬਾਰੇ ਉਹਨਾਂ ਨੂੰ ਜਾਂ ਪ੍ਰਸ਼ਾਸਣ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਖੁਦਾਈ ਦੇ ਦੌਰਾਨ ਖੂਹ ਵਿਚੋਂ ਸੈਨਿਕਾਂ ਦੀਆਂ ਮਿਲੀਆਂ ਸਭ ਅਨਮੋਲ ਨਿਸ਼ਾਨੀਆਂ ਰਾਸ਼ਟਰ ਦੀ ਸੰਪਤੀ ਹਨ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਨੂੰ ਸੌਂਪਣ ਹਿਤ ਉਹ 9 ਸਤੰਬਰ 2014 ਨੂੰ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੂੰ ਰਜਿਸਟਰਡ ਪੱਤਰ ਭੇਜ ਚੁਕੇ ਹਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply