Friday, March 27, 2026

ਸੂਬਾ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਰਹੀ ਹੈ – ਸੀ.ਐਮ.ਯੂ.

ਸਿੱਖਿਆ ਵਿਭਾਗ ਦੀ ਕਰਨੀ ਅਤੇ ਕਥਨੀ ਵਿੱਚ ਅਰਸ਼ ਅਤੇ ਫਰਸ਼ ਦਾ ਪਾੜਾ – ਪ੍ਰਭਜੋਤ

PPN0102201504
ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਦੀ ਸਭ ਤੋਂ ਵੱਡੀ ਜਥੇਬੰਦੀ ਕੰਪਿਊਟਰ ਮਾਸਟਰ ਯੂਨੀਅਨ (ਸੀ.ਐਮ.ਯੂ) ਦੀ ਇੱਕ ਅਹਿਮ ਮੀਟਿੰਗ ਸੀਨੀ. ਆਗੂ ਮਨਪ੍ਰੀਤ ਸਿੰਘ ਪਟਿਆਲਾ ਦੀ ਯੋਗ ਅਗਵਾਈ ਵਿੱਚ ਹੋਈ।ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਭਜੋਤ ਸਿੰਘ ਬੱਲ ਅਤੇ ਮਨਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆਂ ਕਿ ਕੰਪਿਊਟਰ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ।ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਉਹਨਾਂ ਪ੍ਰਤੀ ਨਾਕਾਰਾਤਮਕ ਰਵੱਈਆ ਬਹੁਤ ਮੰਦਭਾਗਾ ਹੈ ਅਤੇ ਇਸ ਦੀ ਜਿੰਨੀ ਅਲੋਚਨਾ ਕੀਤੀ ਜਾਵੇ ਘੱਟ ਹੈ।ਉਹਨਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਦੇ ਨਾਲ ਨਾਲ ਉਹਨਾਂ ਦੀਆਂ ਬਾਕੀ ਮੰਗਾਂ ਨੂੰ ਨਾ ਮੰਨਿਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸੜਕਾਂ ਤੇ ਲੈ ਆਉਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੇ ਨਾਲ ਨਾਲ ਸਿੱਖਿਆ ਵਿਭਾਗ ਦੀ ਹੋਵੇਗੀ।
ਤਾਂ ਹੋਵੇਗਾ ਸੰਘਰਸ਼ – ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਰਣਜੀਤ ਸਿੰਘ ਹੁਸ਼ਿਆਰਪੁਰ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ 7000 ਕੰਪਿਊਟਰ ਅਧਿਆਪਕਾਂ ਨਾਲ ਹਰ ਥਾਂ ਪੱਖਪਾਤ ਕਰਦੀ ਹੈ। ਉਹਨਾਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਦੇ ਬਾਕੀ ਕਰਮਚਾਰੀਆਂ ਨੂੰ ਬਿਨਾ ਕਿਸੇ ਦੇਰੀ ਦੇ ਸਾਰੇ ਲਾਭ ਮਿਲ ਜਾਂਦੇ ਹਨ ਉਥੇ ਸੂਬੇ ਦੇ ਕੰਪਿਊਟਰ ਅਧਿਆਪਕਾਂ ਨੂੰ ਆਪਣੀਆਂ ਤਨਖ਼ਾਹਾਂ ਲੈਣ ਦੇ ਲਈ ਮਹੀਨਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ।ਰਣਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਨਾਲ ਨਾਲ ਸਬੰਧਿਤ ਅਧਿਕਾਰੀ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਦੇ ਹਨ ਜਿਸਦੇ ਚਲਦੇ ਉਹਨਾਂ ਨੂੰ ਆਰਥਿਕ ਤੰਗੀ ਦੇ ਨਾਲ ਨਾਲ ਭਾਰੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਹੁਣ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਾ ਦਿੱਤੇ ਤਾਂ ਉਹ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕਰ ਦੇਣਗੇ ਜਿਸ ਤਹਿਤ ਜਿੱਥੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਥੇ ਧਰਨੇ ਤੇ ਬੈਠਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਹੋਰਨਾ ਤੋਂ ਇਲਾਵਾ ਇਸ ਮੌਕੇ ਮਨਪ੍ਰੀਤ ਸਿੰਘ, ਧਿਆਨ ਸਿੰਘ, ਸੁਖਵਿੰਦਰ ਮੰਡੋਲੀ, ਗਿਆਨ ਸਿੰਘ, ਪ੍ਰਗਟ ਸਿੰਘ, ਗੁਰਜੰਟ ਸਿੰਘ, ਰਣਜੀਤ ਸਿੰਘ, ਮਨੀਸ਼ਾ, ਦਵਿੰਦਰ ਸਿੰਘ, ਮਨਮੋਹਣ ਸਿੰਘ, ਸੁਖਵਿੰਦਰ ਮੋਹਾਲੀ, ਰਮੇਸ਼ ਕਕਰਾਲਾ, ਦਵਿੰਦਰ ਪਾਠਕ, ਸੁਖਬੀਰ ਵਿਰਦੀ, ਜਗਦੀਪ ਸਿੰਘ, ਸਤਵਿੰਦਰ ਸਿੰਘ, ਜੀਵਨ ਜੋਤੀ, ਲੀਗਲ ਅਡਵਾਈਜਰ ਰਾਜ ਸੁਰਿੰਦਰ ਕਾਹਲੋ, ਗੁਰਿੰਦਰ ਗਿੱਲ, ਸੁਖਵਿੰਦਰ ਸਿੰਘ, ਰਣਧੀਰ ਸਿੰਘ, ਕੁਲਵਿੰਦਰ ਲਸੂੜੀ ਸ਼ਾਹਕੋਟ, ਨੈਬ ਸਿੰਘ ਸੰਗਰੂਰ, ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply