Friday, March 27, 2026

ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ‘ਭਾਈ ਲਾਲੋ ਕਲਾ ਸਨਮਾਨ’ 1 ਮਾਰਚ ਨੂੰ

PPN0102201506
ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਇਨਕਲਾਬੀ ਜਨਤਕ ਸਲਾਮ ਸਮਾਰੋਹ ਰਾਹੀਂ ‘ਭਾਈ ਲਾਲੋ ਕਲਾ ਸਨਮਾਨ’ ਨਾਲ ਸਤਿਕਾਰਿਆ ਜਾ ਰਿਹਾ ਹੈ। 1 ਮਾਰਚ ਨੂੰ ਰੱਲਾ (ਮਾਨਸਾ) ਵਿੱਚ ਹੋ ਰਹੇ ਵਿਸ਼ਾਲ ਸਮਾਗਮ ਵਿੱਚ ਹਜ਼ਾਰਾਂ ਕਿਰਤੀ ਕਿਸਾਨ ਮਜ਼ਦੂਰ ਤੇ ਹੋਰ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਸਾਹਿਤ ਤੇ ਕਲਾ ਜਗਤ ਦੀਆਂ ਨਾਮਵਰ ਹਸਤੀਆਂ ਤੇ ਸੈਂਕੜੇ ਕਲਾ ਕਾਰਕੁੰਨ ਵੀ ਸ਼ਾਮਲ ਹੋਣਗੇ। ਇਹ ਸਨਮਾਨ ਸਮਾਰੋਹ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਟੀਚਰਜ਼ ਹੋਮ ਬਠਿੰਡਾ ਵਿੱਚ ਇੱਕ ਇਕੱਤਰਤਾ ਦੌਰਾਨ ਇਸ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤੇ ਸਮਾਗਮ ਸਮਰਥਨ ਕਮੇਟੀ ਬਠਿੰਡਾ ਦਾ ਗਠਨ ਕੀਤਾ ਗਿਆ। ਬਠਿੰਡਾ ਇਲਾਕੇ ਵਿੱਚ ਸਰਗਰਮ ਜਨਤਕ ਸੰਘਰਸ਼ਾਂ ਦੇ ਮੋਹਰੀ ਕਾਰਕੁੰਨਾਂ, ਸਾਹਿਤਕਾਰਾਂ ਤੇ ਕਲਾਕਾਰਾਂ ਦੀ ਇਹ ਇਕੱਤਰਤਾ ਲੋਕ ਬੰਧੂ, ਅਮ੍ਰਿਤਪਾਲ ਬੰਗੇ, ਸੇਵਕ ਸਿੰਘ ਅਤੇ ਮੰਗਤ ਕੁਲਜਿੰਦ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਸਲਾਮ ਕਾਫ਼ਲਾ ਵੱਲੋਂ ਸਮਾਗਮ ਲਈ ਜਾਰੀ ਕੀਤਾ ਕੰਧ ਪੋਸਟਰ ਵੀ ਪ੍ਰੈੱਸ ਲਈ ਰਿਲੀਜ਼ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਲਾਮ ਕਾਫ਼ਲਾ ਟੀਮ ਮੈਂਬਰ ਪਾਵੇਲ ਨੇ ਕਿਹਾ ਕਿ ਇਹ ਸਨਮਾਨ ਇਨਕਲਾਬੀ ਲੋਕ ਲਹਿਰ ਵੱਲੋਂ ਭੇਂਟ ਕੀਤਾ ਜਾ ਰਿਹਾ ਹੈ।ਪਹਿਲਾਂ ਏਸੇ ਪਲੇਟਫਾਰਮ ਵੱਲੋਂ 2006 ਵਿੱਚ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਪਿੰਡ ਕੁੱਸਾ (ਮੋਗਾ) ਵਿਖੇ ਵਿਸ਼ਾਲ ਜਨਤਕ ਇਕੱਠ ਵਿੱਚ ਇਨਕਲਾਬੀ ਨਿਹਚਾ ਸਨਮਾਨ ਨਾਲ ਸਤਿਕਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ਾਲ ”ਅਜਮੇਰ ਔਲਖ ਸਲਾਮ ਤੇ ਸਨਮਾਨ ਜਨਤਕ ਮੁਹਿੰਮ” ਦਾ ਸਿਖ਼ਰ ਹੋਵੇਗਾ। ਜਿਸ ਦੌਰਾਨ ਪੰਜਾਬ ਭਰ ਵਿੱਚ ਸਾਹਿਤਕਾਰ, ਕਲਾਕਾਰ ਤੇ ਸੰਘਰਸ਼ਸ਼ੀਲ ਲੋਕ ਅਜਮੇਰ ਔਲਖ ਦੀ ਨਾਟ-ਕਲਾ ਦੇ ਮਹੱਤਵ ਤੇ ਯੋਗਦਾਨ ਬਾਰੇ ਵਿਆਪਕ ਪੈਮਾਨੇ ‘ਤੇ ਗੰਭੀਰ ਵਿਚਾਰ ਚਰਚਾ ਕਰਨਗੇ। ਇਹ ਮੁਹਿੰਮ ਲੋਕ ਹੱਕਾਂ ਦੀ ਲਹਿਰ ਤੇ ਸਾਹਿਤ ਕਲਾ ਦੇ ਸੰਗਰਾਮੀ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਦਾ ਸੁਨੇਹਾ ਵੀ ਦੇਵੇਗੀ।
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਕਹਾਣੀਕਾਰ ਜਸਪਾਲ ਮਾਨਖੇੜਾ ਤੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਅਜਮੇਰ ਔਲਖ ਦੀ ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਘਾਲਣਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਸ਼੍ਰੀ ਔਲਖ ਨੇ ਨਾਟਕ ਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਤੰਗ ਦਾਇਰੇ ਵਿੱਚੋਂ ਕੱਢ ਕੇ ਪੇਂਡੂ ਕਿਰਤੀ ਲੋਕਾਂ ਤੱਕ ਲੈ ਕੇ ਜਾਣ ਵਿੱਚ ਅਹਿਮ ਰੋਲ ਨਿਭਾਇਆ ਹੈ। ਉਨ੍ਹਾਂ ਨੇ ਆਪਣੇ ਰੰਗਮੰਚ ਤੇ ਨਾਟਕ ਨੂੰ ਉਸਾਰੂ ਸਮਾਜਿਕ ਤਬਦੀਲੀ ਦਾ ਸੁਨੇਹਾ ਦੇਣ ਦਾ ਸੁਚੇਤ ਸਾਧਨ ਬਣਾਇਆ ਹੈ।
ਇਸ ਮੌਕੇ ਭਰਵੀਂ ਗਿਣਤੀ ਵਿੱਚ ਇਕੱਤਰ ਹੋਏ ਕਾਰਕੁੰਨਾਂ ਵਿੱਚੋਂ ਜਸਪਾਲ ਮਾਨਖੇੜਾ, ਰਣਜੀਤ ਗੌਰਵ, ਟੋਨੀ ਬਾਤਿਸ਼, ਅਮਰਜੀਤ ਪੇਂਟਰ, ਰਵਿੰਦਰ ਸੰਧੂ, ਸੁਖਦਰਸ਼ਨ ਗਰਗ, ਅਮ੍ਰਿਤਪਾਲ ਬਠਿੰਡਾ, ਰਣਜੀਤ ਸਿੰਘ, ਰੇਸ਼ਮ ਸਿੰਘ ਖੇਮੂਆਣਾ, ਸੇਵਕ ਸਿੰਘ ਮਹਿਮਾ ਸਰਜਾ, ਅਮਰੀਕ ਸਿੰਘ ਸਿਵੀਆਂ, ਮਾਸਟਰ ਲਾਲ ਸਿੰਘ, ਸਤਵਿੰਦਰ ਸੋਨੀ, ਰੂਪ ਸਿੰਘ ਗਿੱਲ ਪੱਤੀ, ਸੁਖਵਿੰਦਰ ਸਿੰਘ, ਸੁਮੀਤ, ਅਸ਼ਵਨੀ ਕੁਮਾਰ ਘੁੱਦਾ, ਅਮਨਦੀਪ ਦਾਤੇਵਾਸੀਆ, ਜਸਪ੍ਰੀਤ ਸਿਵੀਆਂ, ਰਜਿੰਦਰ ਸਿਵੀਆਂ, ਕੁਲਵੰਤ ਰਾਏ ਸ਼ਰਮਾ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵਿੱਚੋਂ ਜਸਪਾਲ ਮਾਨਖੇੜਾ ਨੂੰ ਕਨਵੀਨਰ ਤੇ ਸੁਖਵਿੰਦਰ ਸਿੰਘ ਨੂੰ ਕੋ-ਕਨਵੀਨਰ ਚੁਣਿਆ ਗਿਆ। ਇਹ ਕਮੇਟੀ ਬਠਿੰਡਾ ਸ਼ਹਿਰ, ਗੋਨਿਆਣਾ ਤੇ ਸੰਗਤ ਬਲਾਕਾਂ ਵਿੱਚ ਮੁਹਿੰਮ ਜਥੇਬੰਦ ਕਰੇਗੀ ਤੇ 1 ਮਾਰਚ ਨੂੰ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਵਾਏਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply