Thursday, August 6, 2026

ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਸਨਅਤੀ ਸਿਖਲਾਈ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ-ਬਾਦਲ

ਮੁੱਖ ਮੰਤਰੀ ਨੇ ਰੱਖਿਆ ਬਾਬਾ ਫਰੀਦ ਗਰੁੱਪ ਆਫ ਇੰਸਟੀਚਿੂਟ ਵਿਖੇ ਹੁਨਰ ਵਿਕਾਸ ਕੇਂਦਰ ਦਾ ਨੀਂਹ ਪੱਥਰ

ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਹੁਨਰ ਵਿਕਾਸ ਸਿਖਲਾਈ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸਨਅਤਾਂ ਦੀਆਂ ਲੋੜਾਂ ਮੁਤਾਬਕ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਹੁਨਰ ਵਿਕਾਸ ਕੇਂਦਰ ਮੁੱਖ ਭੂਮਿਕਾ ਨਿਭਾਉਣਗੇ ਤਾਂ ਕਿ ਕਾਲਜਾਂ ਵਿੱਚੋਂ ਤਾਲੀਮ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰੀਨ ਮੌਕੇ ਮੁਹੱਈਆ ਕਰਵਾਏ ਜਾ ਸਕਣ। ਸ. ਬਾਦਲ ਨੇ ਅੱਜ ਇੱਥੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟਸ ਵਿਖੇ ਸਨਅਤੀ-ਅਕਾਦਮਿਕ ‘ਤੇ ਅਧਾਰਿਤ ਆਲਮੀ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਉਕਤ ਸ਼ਬਦ ਕਹੇ।
ਬਾਬਾ ਫਰੀਦ ਗਰੁੱਪPPN0102201507 ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਪੰਜਾਬ ਵਿੱਚ ਸਨਅਤੀ ਵਿਕਾਸ ਲਈ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਦੇਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਨਅਤੀ ਅਤੇ ਸਿੱਖਿਆ ਇਕ-ਦੂਜੇ ਦੇ ਸਮਕਾਲੀ ਹਨ ਕਿਉਂ ਜੋ ਸਨਅਤ ਵਿਦਿਅਕ ਅਦਾਰਿਆਂ ਨੂੰ ਵਸੀਲੇ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਜਦਕਿ ਵਿਦਿਅਕ ਅਦਾਰੇ ਸਨਅਤਾਂ ਚਲਾਉਣ ਲਈ ਨੌਜਵਾਨਾਂ ਨੂੰ ਗਿਆਨ ਤੇ ਸਮਰਥਾ ਪ੍ਰਦਾਨ ਕਰਦੇ ਹਨ। ਉਨ੍ਹਾਂ ਆਖਿਆ ਕਿ ਦੋਵਾਂ ਦਾ ਇਕੋ ਨਿਸ਼ਾਨਾ ਸਥਿਰ ਵਿਕਾਸ ਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਹੁਨਰ ਵਿਕਾਸ ਨੀਤੀ ਤਹਿਤ ਪੰਜਾਬ ਨੇ ਸੂਬਾਈ ਹੁਨਰ ਵਿਕਾਸ ਮਿਸ਼ਨ ਦੀ ਸਥਾਪਨਾ ਕੀਤੀ ਹੈ ਤਾਂ ਕਿ ਸੂਬੇ ਵਿੱਚ ਵੱਖ ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਅਮਲ ਵਿੱਚ ਲਿਆਉਣ ਲਈ ਬਿਹਤਰ ਤਾਲਮੇਲ ਕਾਇਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਹੀ ਇਕ ਕੇਂਦਰ ਬਾਬਾ ਫਰੀਦ ਗਰੁੱਪ ਵਿਖੇ ਵੀ ਕਾਇਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਨਿੱਜੀ ਭਾਈਵਾਲੀ ਨਾਲ ਸੂਬਾ ਸਰਕਾਰ ਵੱਲੋਂ 2500 ਤੋਂ ਵੱਧ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਕੀਤੀ ਜਾਣੀ ਹੈ ਜਿਨ੍ਹਾਂ ਰਾਹੀਂ ਸਾਲਾਨਾ ਇਕ ਲੱਖ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਅਗਲੇ ਪੰਜ ਸਾਲ ਦੇ ਸਮੇਂ ਵਿੱਚ ਸਥਾਪਤ ਕੀਤੇ ਜਾਣਗੇ ਅਤੇ 4-5 ਪਿੰਡਾਂ ਦਾ ਇਕ ਕੇਂਦਰ ਹੋਵੇਗਾ।
ਇਸ ਉਪਰੰਤ ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਮੁਲਕ ਦੀ ਰਾਜਧਾਨੀ ਅਤੇ ਰਾਜਧਾਨੀ ‘ਤੇ ਹਮੇਸ਼ਾ ਹੀ ਦੁਨੀਆ ਦੀਆਂ ਨਜ਼ਰਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਉਤਸ਼ਾਹ ਨਾਲ ਚੋਣਾਂ ਲੜ ਰਿਹਾ ਹੈ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਰੱਖਣ ਵਾਲੀ ਸਰਕਾਰ ਬਣਨ ਨਾਲ ਦਿੱਲੀ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟਸ ਵਿਖੇ ਬਣਨ ਵਾਲੇ ਹੁਨਰ ਵਿਕਾਸ ਕੇਂਦਰ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਡੀ.ਆਈ.ਜੀ. ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਜ਼ਿਲ੍ਹਾ ਪੁਲੀਸ ਮੁਖੀ ਇੰਦਰ ਮੋਹਨ ਸਿੰਘ, ਏ.ਡੀ.ਸੀ. (ਵਿਕਾਸ.) ਵਰਿੰਦਰ ਕੁਮਾਰ ਸ਼ਰਮਾ, ਡੀ.ਡੀ.ਪੀ.ਓ. ਰਜਿੰਦਰ ਬੱਤਰਾ, ਕੇਂਦਰੀ ਸਹਿਕਾਰੀ ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਬਾਬਾ ਫਰੀਦ ਗਰੁੱਪ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply