
ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵਲੋ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹਰ ਮਹੀਨੇ ਦੂਜੇ ਅਤੇ ਚੌਥੇ ਸ਼ਨੀਚਰਵਾਰ ਲੋਕ ਅਦਾਲਤ ਲਗਾਉਣ ਦੇ ਹੁਕਮਾਂ ਦੇ ਖਿਲਾਫ਼ ਅੱਜ ਇੱਕ ਦਿਨਾਂ ਹੜਤਾਲ ਕੀਤੀ।ਇਸ ਮੌਕੇ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪ੍ਰਧਾਨ ਨਵਦੀਪ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਬਾਰ ਦੇ ਸੈਕਟਰੀ ਕੰਵਲਜੀਤ ਸਿੰਘ ਕੁੱਟੀ ਨੇ ਦੱਸਿਆ ਕਿ ਇਹ ਹੜਤਾਲ ਰਾਸ਼ਟਰੀ ਕਾਨੂੰੂਨੀ ਸੇਵਾਵਾਂ ਅਥਾਰਟੀ, ਨਵੀ ਦਿੱਲੀ ਵਲੋਂ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਰਾਸ਼ਟਰੀ ਲੋਕ ਅਦਾਲਤ ਲਗਾਉਣ ਦੇ ਵਿਰੋਧ ਵਜੋ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਜਿਲ੍ਹਾ ਬਾਰ ਵਲੋਂ ਮੀਟਿੰਗ ਕਰਕੇ ਇੱਕ ਮਤਾ ਪਾਸ ਕਰਕੇ ਅੱਜ ਇਕ ਦਿਨਾਂ ਹੜਤਾਲ ਰਾਜ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਸੀ।ਕੁੱਟੀ ਨੇ ਦੱਸਿਆ ਕਿ ਸੁਮੱਚੇ ਵਕੀਲ ਭਾਈਚਾਰੇ ਵਲੋਂ ਕਾਫੀ ਸੰਘਰਸ਼ ਉਪਰੰਤ ਪੂਰਾ ਮਹੀਨਾ ਅੱਧਾ ਘੰਟਾ ਵੱਧ ਕੰਮ ਕਰਨ ਤੋਂ ਬਾਅਦ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਛੁੱਟੀ ਪ੍ਰਾਪਤ ਕੀਤੀ।ਜਿਸ ਨੂੰ ਹੁਣ ਖਤਮ ਕਰਦਿਆਂ ਲੋਕ ਅਦਾਲਤ ਲਗਾਉਣ ਦੇ ਹੁਕਮ ਭੇਜੇ ਗਏ ਹਨ। ਉਨਾਂ ਕਿਹਾ ਕਿ ਇਸ ਸਬੰਧੀ ਇੱਕ ਮੈਮੋਰੰਡਮ ਜਿਲ੍ਹਾ ਤੇ ਸੈਸ਼ਨ ਜੱਜ ਸ: ਤੇਜਵਿੰਦਰ ਸਿੰਘ ਨੂੰ ਜਿਲ੍ਹਾ ਬਾਰ ਵਲੋਂ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਜਾਂ ਤਾਂ ਲੋਕ ਅਦਾਲਤਾਂ ਦਾ ਦਿਨ ਬਦਲਿਆ ਜਾਵੇ ਜਾਂ ਇਹ ਫ਼ਰਮਾਨ ਵਾਪਸ ਲਿਆ ਜਾਵੇ।ਇਸ ਮੌਕੇ ਜਿਲ੍ਹਾ ਬਾਰ ਦੇ ਅਹੁੱਦੇਦਾਰ ਲਖਵਿੰਦਰ ਸਿੰਘ ਖੋਖਰ, ਪ੍ਰਵੀਨ ਕੌਰ ਸਿੱਧੂ, ਮੈਂਬਰ ਅਰਸ਼ਦੀਪ ਸਿੰਘ ਸਿਵੀਆਂ, ਕਮਲਜੀਤ ਕੌਰ ਸਿੱਧੂ ਆਦਿ ਸਮੇਤ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ, ਜਿਲ੍ਹਾ ਬਾਰ ਮੈਂਬਰ ਅਤੇ ਅਹੁੱਦੇਦਾਰ ਹਾਜ਼ਰ ਸਨ।
Punjab Post Daily Online Newspaper & Print Media