ਜਥੇਦਾਰ ਅਕਾਲ ਤਖਤ ਸਾਹਿਬ ਐਸੇ ਸ਼ੈਤਾਨ ਸਾਧਾਂ ਉੱਪਰ ਸ਼ਿਕੰਜਾ ਕੱਸਣ – ਭਾਈ ਮੁੱਛਲ

ਖਜਾਲਾ 14 ਫਰਵਰੀ (ਸਿਕੰਦਰ ਸਿੰਘ ਖਾਲਸਾ) – ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਿੱਥੇ ਅੰਮ੍ਰਿਤ ਸਰੋਵਰ ਤਿਆਰ ਕੀਤਾ ਤੇ ਸ਼੍ਰੀ ਹਰਮੰਦਿਰ ਸਾਹਿਬ ਤਿਆਰ ਕਰਕੇ ਦਿਨ ਰਾਤ ਧੁਰ ਕੀ ਬਾਣੀ ਦੇ ਪਰਵਾਹ ਚਲਾਏ ਗਏ ਜਿਸ ਸਰੋਵਰ ਵਿੱਚ ਕਾਂ ਹੰਸ ਬਣ ਕੇ ਬਾਹਰ ਨਿਕਲੇ ਤੇ ਰਜਨੀ ਦੇ ਪਿੰਗਲੇ ਪਤੀ ਦਾ ਰੋਗ ਇਸੇ ਅੰਮ੍ਰਿਤ ਸਰੋਵਰ ਵਿੱਚ ਨਹਾ ਕੇ ਦੂਰ ਹੋਇਆ ਤੇ ਗੁਰੁ ਸਾਹਿਬ ਜੀ ਨੇ ਮਨੁੱਖ ਨੂੰ ਸੇਵਾ ਸਿਮਰਨ ਤੇ ਪਰਉਪਕਾਰ ਕਰਨ ਦਾ ਉਪਦੇਸ਼ ਦਿੱਤਾ ਜਿੱਥੇ ਅੱਜ ਵੀ ਸੰਗਤਾਂ ਸ਼੍ਰੀ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਕਰ ਕੇ ਹਿਰਦੇ ਰੂਪੀ ਆਪਣੀਆਂ ਆਸਾਂ ਪੂਰੀਆਂ ਕਰ ਰਹੀਆ ਹਨ ਨਾਲ ਹੀ ਪਾਵਨ ਧਰਤੀ ਉੱਪਰ ਅਨੋਖੇ ਅਮਰ ਸ਼ਹੀਦ ਬਾਬ ਦੀਪ ਸਿੰਘ ਜੀ ਦਾ ਅਸਥਾਨ ਹੈ, ਜਿੱਥੇ ਹਰ ਰੋਜ ਸੰਗਤਾਂ ਸਿਮਰਨ ਕਰ ਕੇ ਤੇ ਗੁਰੁ ਘਰ ਹਾਜਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਪਰ ਕੁੱਝ ਅਨੋਖੇ ਸਾਧ ਇਸ ਪਾਵਨ ਧਰਤੀ ਤੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਆਪਣਾ ਹੀ ਪੰਥ ਚਲਾ ਕੇ ਬੈਠ ਗਏ ਹਨ। ਅੱਜ ਜਦ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਜਾਂਦਿਆਂ ਰਸਤੇ ਵਿੱਚ ਪਿੰਡ ਦਬੂਰਜੀ ਜੀ ਟੀ ਰੋਡ ਤੇ ਇੱਕ ਪੈਟਰੋਲ ਪੰਪ ਦੇ ਬਾਹਰ ਸੜਕ ਦੇ ਕੰਢੇ ਤੇ ਇੱਕ ਬਹੁਤ ਵੱਡਾ ਫਲੈਕਸ ਬੋਰਡ ਲੱਗਾ ਹੋਇਆ ਸੀ, ਉਸ ਉੱਪਰ ਅਮਰ ਸ਼ਹੀਦ ਬਾਬ ਸੰਤੋਖ ਸਿੰਘ ਤੇ ਗੁਰਦੁਆਰਾ ਨਾਰੀਅਲ ਸਾਹਿਬ ਲਿਖਿਆ ਹੋਇਆ ਸੀ ਤੇ ਉੱਪਰ ਸਾਧ ਵੱਲੋਂ ਆਪਣੀ ਦੁਕਾਨ ਚਲਾਉਣ ਲਈ ਲਿਖਿਆ ਹੋਇਆ ਸੀ ਕਿ ਕੋਈ ਵੀ ਦੁੱਖੀ ਆਪਣੇ ਘਰ ਵਿੱਚ ਇੱਕ ਸਾਫ ਜਗ੍ਹਾ ਉੱਪਰ ਛੇ ਨਾਰੀਅਲ ਇਕੱਠੇ ਲਿਆ ਕੇ ਰੱਖੇ ਤੇ ਇੱਕ ਨਾਰੀਅਲ ਹਰ ਐਤਵਾਰ ਲੈ ਕੇ ਆਵੇ ਤੇ ਇਹ ਨਾਰੀਅਲ ਅਮਰ ਸ਼ਹੀਦ ਬਾਬਾ ਸੰਤੋਖ ਸਿੰਘ ਦੀ ਸਮਾਧ ਤੇ ਭੇਂਟ ਕਰੇ ਤੇ ਅਰਦਾਸ ਵਿੱਚ ਸ਼ਾਮਲ ਹੋਵੇ।ਪਹਿਲੀ ਅਰਦਾਸ ਸਵੇਰੇ 9 ਵਜੇ ਹੋਵੇਗੀ ਦੂਜੀ ਅਰਦਾਸ ਦੁਪਹਿਰ 2 ਵਲੇ ਹੋਵੇਗੀ ਤੀਜੀ ਅਰਦਾਸ ਸ਼ਾਮ 5 ਵਜੇ ਹੋਵੇਗੀ ਤੇ ਰਹਿਰਾਸ ਤੋਂ ਬਾਅਦ ਸਮਾਪਤੀ ਹੋਵੇਗੀ ਇਸ ਬੋਰਡ ਉੱਪਰ ਇੱਕ ਜਰੂਰੀ ਬੇਨਤੀ ਲਿਖੀ ਹੋਈ ਸੀ ਕਿ ਜੇਕਰ ਕਿਸੇ ਨੇ ਆਪਣੀ ਤਨਖਾਹ ਦਾ ਦਸਵੰਧ ਜਾਂ ਸ਼੍ਰੀ ਆਖੰਡ ਪਾਠ ਸਾਹਿਬ ਦੀ ਭੇਟਾ ਦੇਣੀ ਹੋਵੇ ਤਾਂ ਉਹ ਆਪਣੇ ਹੱਥੀ ਜਾਂ ਗੋਲਕ ਵਿੱਚ ਪਾਵੇ ਜਾਂ ਮੈਨੂੰ ਯਾਨੀ ਬਾਬਾ ਹੀਰਾ ਸਿੰਘ ਨੂੰ ਦੇਵੇ।ਇਸ ਦੇ ਨਾਲ ਹੀ ਬਾਬਾ ਹੀਰਾ ਸਿੰਘ ਨੇ ਬਾਕਾਇਦਾ ਆਪਣਾ ਫੋਨ ਨੰਬਰ 9878572275 ਵੀ ਲਿਖਿਆ ਹੋਇਆ ਸੀ ਜੋ ਕਿ ਫੋਨ ਕਰਨ ਤੇ ਬੰਦ ਪਾਇਆ ਗਿਆ।
ਜਦ ਇਸ ਫਲੈਕਸ ਬੋਰਡ ਦਾ ਪਤਾ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਨੂੰ ਲੱਗਾ ਤਾਂ ਉਨ੍ਹਾਂ ਨੇ ਸਿੰਘਾਂ ਨੂੰ ਨਾਲ ਲੈ ਕੇ ਇਸ ਬੋਰਡ ਨੂੰ ਉਤਾਰਿਆ ਤੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਹੈ ਤੇ ਉਹ ਜਥੇਦਾਰ ਸਾਹਿਬ ਪਾਸੋਂ ਮੰਗ ਕਰਦੇ ਹਨ ਕਿ ਐਸੇ ਸ਼ੈਤਾਨ ਸਾਧਾਂ ਉੱਪਰ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਰਦੁਆਰੇ ਦੇ ਨਾਂ ਉੱਪਰ ਲੁੱਟਿਆ ਨਾ ਜਾ ਸਕੇ।ਇਸ ਮੌਕੇ ਸਤਨਾਮ ਸਿੰਘ ਸੰਸਾ, ਸੁਖਪਾਲ ਸਿੰਘ, ਕੁਲਦੀਪ ਸਿੰਘ ਗੱਗੜਭਾਨਾ, ਸਰਦੂਲ ਸਿੰਘ ਨਿਹੰਗ, ਗੁਰਨਾਮ ਸਿੰਘ ਆਦਿ ਸਿੰਘ ਮੌਜੂਦ ਸਨ।
ਜਦ ਇਸ ਬਾਰੇ ਪੱਤਰਕਾਰ ਵੱਲੋ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸੈਕਟਰੀ ਸ੍ਰ. ਸਤਬੀਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਇਸ ਦੀ ਛਾਣਬੀਨ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਹ ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ, ਕਿਉਂਕਿ ਐਸੀ ਕੋਈ ਵੀ ਮਨਮੱਤ ਗੁਰੁ ਘਰ ਵਿੱਚ ਪਰਵਾਨ ਨਹੀਂ।
Punjab Post Daily Online Newspaper & Print Media