Wednesday, April 22, 2026

ਪਾਰਟੀ ਚੋਂ ਕੱਢੇ ਗਏ ਮੈਂਬਰਾਂ ਨੇ ਸਰਨਾ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ

ਨਵੀਂ ਦਿੱਲੀ, 3 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਤਿ੍ਰੰਗ ਬੋਰਡ ਚੋਣਾਂ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਵੋਟਾਂ ਪਾਉਣ ਦੇ ਦੋਸ਼ ‘ਚ ਦਿੱਲੀ ਕਮੇਟੀ ਦੇ ਆਪਣੇ ਦਲ ਨਾਲ ਸੰਬਧਿਤ ਤਿੰਨ ਮੈਂਬਰਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਤੇ ਉਕਤ ਮੈਂਬਰਾਂ ਦਾ ਤਿੱਖਾ ਪ੍ਰਤਿਕ੍ਰਮ ਸਾਹਮਣੇ ਆਇਆ ਹੈ। ਦਿੱਲੀ ਕਮੇਟੀ ਮੈਂਬਰ ਤੇ ਸਾਬਕਾ ਜਰਨਲ ਸਕੱਤਰ ਜਤਿੰਦਰ ਸਿੰਘ ਸਾਹਨੀ, ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਕਰੋਲਬਾਗ ਅਤੇ ਅਮਰਜੀਤ ਸਿੰਘ ਪਿੰਕੀ ਨੇ ਅੱਜ ਜਾਰੀ ਆਪਣੇ ਸਾਂਝੇ ਬਿਆਨ ਵਿਚ ਸਰਨਾ ਭਰਾਵਾਂ ਵੱਲੋਂ ਇਸ ਮਸਲੇ ਤੇ ਉਨ੍ਹਾਂ ਨਾਲ ਕੋਈ ਗੱਲ ਬਾਤ ਨਾ ਕਰਨ ਦਾ ਵੀ ਦਾਅਵਾ ਕੀਤਾ ਹੈ।
ਸਰਨਾ ਵੱਲੋਂ ਬੀਬੀ ਦਲਜੀਤ ਕੌਰ ਖਾਲਸਾ ਨੂੰ ਪ੍ਰਧਾਨ ਅਹੁਦੇ ਦੇ ਉਮੀਦਵਾਰ ਵੱਜੋਂ ਉਕਤ ਮੈਂਬਰਾਂ ਵੱਲੋਂ ਵੋਟਾਂ ਨਾ ਪਾਉਣ ਦੇ ਮਸਲੇ ਤੇ ਵੀ ਕਈ ਸਵਾਲ ਖੜੇ ਕੀਤੇ ਹਨ। ਬੀਬੀ ਖਾਲਸਾ ਨੂੰ ਉਮੀਦਵਾਰ ਬਨਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਇਸ ਬਾਰੇ ਕੋਈ ਵਿਚਾਰ ਨਾ ਕਰਨ ਦੀ ਗੱਲ ਕਰਦੇ ਹੋਏ ਉਕਤ ਮੈਂਬਰਾਂ ਨੇ ਸਰਨੇ ਦੇ ਦਿਸ਼ਾ ਨਿਰਦੇਸ਼ਾਂ ਤੇ ਜਰਨਲ ਸਕੱਤਰ ਵੱਜੋਂ ਮਨਜਿੰਦਰ ਸਿੰਘ ਸਿਰਸਾ ਦੀ ਉਮੀਦਵਾਰੀ ਦਾ ਸਮਰਥਨ ਬੀਬੀ ਖਾਲਸਾ ਵੱਲੋਂ ਕਰਨ ਦੇ ਦੋਸ਼ ਵੀ ਲਾਏ ਹਨ। ਉਕਤ ਮੈਂਬਰਾਂਨੁਸਾਰ ਉਨ੍ਹਾਂ ਵੱਲੋਂ ਪਾਰਟੀ ਦੇ ਜਾਬਤੇ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ ਹੈ ਸਗੋਂ ਸਰਨਾ ਦੇ ਉਮੀਦਵਾਰ ਵੱਲੋਂ ਸਿਰਸਾ ਦਾ ਸਮਰਥਣ ਕਰਨਾ ਸਰਨੇ ਦੇ ਪ੍ਰਧਾਨ ਦੇ ਅਹੁਦੇ ਤੇ ਰਹਿੰਦੇ ਹੋਏ ਉਸ ਦੀ ਕਾਰਜਪ੍ਰਣਾਲੀ ਨੂੰ ਸ਼ਕ ਦੇ ਘੇਰੇ ‘ਚ ਲਿਆਉਂਦਾ ਹੈ।
ਸਾਹਨੀ ਨੇ ਕਿਹਾ ਕਿ ਬੀਤੇ 2 ਸਾਲਾਂ ਤੋਂ ਉਹ ਪਾਰਟੀ ਦੀ ਕਿਸੇ ਬੈਠਕ ਜਾਂ ਕਨਵੈਂਸ਼ਨ ‘ਚ ਸ਼ਾਮਿਲ ਨਹੀਂ ਹੋਏ ਕਿਉਂਕਿ ਸਰਨਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਬਗਾਵਤੀ ਤੇਵਰ ਅਪਨਾਉਣ ਦੇ ਕਾਰਣ ਪਾਰਟੀ ਨੂੰ 2013 ਦੀਆਂ ਦਿੱਲੀ ਕਮੇਟੀ ਚੋਣਾਂ ਦੋੌਰਾਨ ਵੱਡਾ ਘਾਟਾ ਹੋਇਆ ਸੀ। ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਸਰਨਾ ਵਿਰੋਧੀ ਲਹਿਰ ਦੌਰਾਨ ਵੀ ਉਹ ਆਪਣੇ ਹਲਕਿਆਂ ਚੋਂ ਜਿੱਤ ਕੇ ਆਏ ਸਨ ਜਦਕਿ ਮੈਂਬਰਾਂ ਨੂੰ ਤੁਗਲਕੀ ਆਦੇਸ਼ਾਂ ਦਾ ਫਤਵਾ ਸੁਨਾਉਣ ਵਾਲੇ ਸਰਨਾ ਆਪਣੀ ਚੋਣ ਹਾਰ ਗਏ ਸਨ।
ਸਾਹਨੀ ਨੇ ਕਿਹਾ ਕਿ 2006 ‘ਚ ਬੀਬੀ ਖਾਲਸਾ ਵੱਲੋਂ ਸ੍ਰੀ ਨਨਕਾਣਾ ਸਾਹਿਬ ਗਏ ਨਗਰ ਕੀਰਤਨ ਦੇ ਚੜਾਵੇ ਅਤੇ ਪਾਲਕੀ ਸਾਹਿਬ ਤੇ ਲੱਗੇ ਸੋਨੇ ਦੀ ਮਾਤਰਾ ਦੀ ਜਾਣਕਾਰੀ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਜਿਸ ਬਾਰੇ ਸਰਨਾ ਭਰਾਵਾਂ ਵੱਲੋਂ ਕਿਸੇ ਵੀ ਮੈਂਬਰ ਜਾਂ ਸੰਗਤ ਤੱਕ ਕੋਈ ਜਾਣਕਾਰੀ ਅੱਜ ਤੱਕ ਨਹੀਂ ਦਿੱਤੀ ਗਈ ਹੈ, ਪਰ ਇਸ ਦੇ ਉਲਟ ਸਰਨਾ ਭਰਾਵਾਂ ਵੱਲੋਂ ਕਿਸ ਸੋਦੇ ਤਹਿਤ ਬੀਬੀ ਖਾਲਸਾ ਦੀ ਹਿਮਾਇਤ ਕਰਨ ਦੀ ਗੱਲ ਕੀਤੀ ਗਈ ਇਹ ਸੱਚ ਸੰਗਤਾਂ ਦੇ ਸਾਹਮਣੇ ਆਉਣਾ ਚਾਹਿਦਾ ਹੈ। ਸਰਨਾ ਭਰਾਵਾਂ ਨੂੰ ਮੌਜੂਦਾ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਪਾਲਣ ਕਰਨ ਅਤੇ ਆਪਣੀ ਕਥਨੀ ਤੇ ਕਰਨੀ ਦੇ ਭੇਦ ਨੂੰ ਮਿਟਾਉਣ ਦੀ ਵੀ ਸਲਾਹ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply