ਐਸ.ਡੀ.ਐਮਜ਼ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼
ਬਠਿੰਡਾ, 5 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਅੱਜ ਜ਼ਿਲ੍ਹੇ ਵਿੱਚ ਜ਼ਮੀਨਾਂ ਦੇ ਰੇਟ ਸੁਧਾਰਨ ਸਬੰਧੀ ਐਸ.ਡੀ.ਐਮਜ਼, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਦੀ ਸੁਧਾਈ ਕੀਤੀ ਜਾਣੀ ਹੈ। ਡਾ. ਗਰਗ ਨੇ ਉਪ-ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਤਹਿਸੀਲਾਂ ਵਿੱਚ ਪੈਂਦੇ ਇਲਾਕਿਆਂ ਦੇ ਕੁਲੈਕਟਰ ਰੇਟਾਂ ਨੂੰ ਲੋੜ ਅਨੁਸਾਰ ਵਧਾ ਜਾਂ ਘਟਾ ਸਕਦੇ ਹਨ। ਜ਼ਮੀਨਾਂ ਦੇ ਰੇਟਾਂ ਨੂੰ ਸੋਧਣ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਡਾ. ਗਰਗ ਨੇ ਕਿਹਾ ਕਿ ਸਾਰੇ ਉਪ-ਮੰਡਲ ਮੈਜਿਸਟ੍ਰੇਟ ਆਪਣੀਆਂ ਰਿਪੋਰਟਾਂ 15 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਸਬੰਧੀ ਘੱਟ ਜਾਂ ਵੱਧ ਰੇਟਾਂ ਬਾਰੇ ਕੋਈ ਦਾਅਵਾ ਪੇਸ਼ ਕਰਨਾ ਚਾਹੁੰਦਾ ਹੈ, ਤਾਂ ਉਹ ਡੀ.ਸੀ.ਦਫ਼ਤਰ ਜਾਂ ਸਬੰਧਿਤ ਐਸ.ਡੀ.ਐਮ. ਕੋਲ ਇਹ ਦਾਅਵੇ ਪੇਸ਼ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਇਹ ਸਾਰੀ ਕਾਰਵਾਈ ਮੁਕੰਮਲ ਹੋ ਜਾਵੇਗੀ।ਇਸ ਬੈਠਕ ਵਿੱਚ ਐਸ.ਡੀ.ਐਮ.ਮੌੜ ਪਰਮਦੀਪ ਸਿੰਘ, ਐਸ.ਡੀ.ਐਮ.ਤਲਵੰਡੀ ਸਾਬੋ ਵਿਨਯ ਕੁਮਾਰ, ਐਸ.ਡੀ.ਐਮ.ਰਾਮਪੁਰਾ ਫੂਲ ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ, ਵੱਖ-ਵੱਖ ਤਹਿਸੀਲਾਂ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।
Punjab Post Daily Online Newspaper & Print Media