ਸਾਂਝ ਕੇਂਦਰਾਂ ਦਾ ਮਕਸਦ ਲੋਕਾਂ ਤੇ ਪੁਲਿਸ ਦਰਮਿਆਨ ਸਾਂਝ ਨੂੰ ਮਜਬੂਤ ਕਰਨਾ – ਐਸ.ਐਸ.ਪੀ ਇੰਦਰਬੀਰ ਸਿੰਘ
ਬਟਾਲਾ, 10 ਮਾਰਚ (ਨਰਿੰਦਰ ਬਰਨਾਲ) – ਪੁਲਿਸ ਜ਼ਿਲ੍ਹਾ ਬਟਾਲਾ ‘ਚ ਚੱਲ ਰਹੇ ਵੱਖ-ਵੱਖ ਸਾਂਝ ਕੇਂਦਰ ਜਿਥੇ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਤ 27 ਸੇਵਾਵਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ ਸਿਰ ਦੇ ਰਹੇ ਹਨ ਉਥੇ ਇਹ ਸਾਂਝ ਕੇਂਦਰ ਪੁਲਿਸ ਅਤੇ ਲੋਕਾਂ ‘ਚ ਸਾਂਝ ਨੂੰ ਮਜਬੂਤ ਕਰਨ ਵਿੱਚ ਵੀ ਸਹਾਈ ਹੋਏ ਹਨ। ਐੱਸ.ਐੱਸ.ਪੀ. ਬਟਾਲਾ ਸ. ਇੰਦਰਬੀਰ ਸਿੰਘ ਨੇ ਪੁਲਿਸ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਸਾਂਝ ਕੇਂਦਰ ਨਵੰਬਰ 2011 ਤੋਂ ਲੈ ਕੇ ਫਰਵਰੀ 2015 ਤੱਕ 98254 ਲੋਕਾਂ ਨੂੰ ਸੇਵਾਵਾਂ ਦੇ ਚੁੱਕੇ ਹਨ। ਉਨਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ‘ਚ ਇੱਕ ਸਾਂਝ ਕੇਂਦਰ ਜ਼ਿਲ੍ਹਾ ਪੱਧਰ ‘ਤੇ ਐੱਸ.ਐੱਸ.ਪੀ. ਦਫਤਰ ਬਟਾਲਾ ਵਿਖੇ ਚੱਲ ਰਿਹਾ ਹੈ ਜਦਕਿ 4 ਸਾਂਝ ਕੇਂਦਰ ਸਬ-ਡੀਵਜ਼ਨ ਪੱਧਰ ‘ਤੇ ਬਟਾਲਾ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਸ੍ਰੀ ਹਰਗੋਬਿੰਦਪੁਰ ਵਿਖੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਥਾਣੇ ਪੱਧਰ ‘ਤੇ ਵੀ ਸਾਂਝ ਕੇਂਦਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ।
ਐੱਸ.ਐੱਸ.ਪੀ. ਬਟਾਲਾ ਸ. ਇੰਦਰਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਸਾਂਝ ਕੇਂਦਰਾਂ ਵੱਲੋਂ ਹੁਣ ਤੱਕ 98254 ਸੇਵਾਵਾਂ ਵਿੱਚ ਐੱਫ.ਆਈ.ਆਰ./ਡੀ.ਡੀ.ਆਰ. ਦੀਆਂ ਨਕਲਾਂ 22334, ਨੌਕਰੀ ਲਈ ਤਸਦੀਕਾਂ 2250, ਚਾਲ-ਚਲਣ ਤਸਦੀਕ 17481, ਅਸਲਾ ਲਾਇਸੰਸ ਦੀ ਰਿਨਿਊ ਲਈ ਤਸਦੀਕ 540, ਪਾਸਪੋਰਟ ਦੀ ਤਸਦੀਕ 38726, ਪਾਸਪੋਰਟ ਨਾਲ ਸਬੰਧਤ ਹੋਰ ਪੜਤਾਲਾਂ 974, ਆਪਣੀ ਮਲਕੀਅਤ ਤੋਂ ਪਹਿਲਾਂ ਵਹੀਕਲਾਂ ਦੀ ਐੱਨ.ਓ.ਸੀ. 498, ਸ਼ਿਕਾਇਤ ਦਰਜ਼ ਕਰਾਉਣ ਉਪਰੰਤ ਰਸੀਦ 6736, ਦਰਖਾਸਤਾਂ ਦੀ ਕਾਰਵਾਈ 6413 ਅਤੇ 180 ਹੋਰ ਸੇਵਾਵਾਂ ਦਿੱਤੀਆਂ ਗਈਆਂ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਇਹ ਸਾਰੀਆਂ ਸੇਵਾਵਾਂ ‘ਸੇਵਾ ਅਧਿਕਾਰ ਐਕਟ’ ਤਹਿਤ ਨਿਰਧਾਰਤ ਸਮੇਂ ਸੀਮਾਂ ‘ਚ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਗਈ।
ਪੰਜਾਬ ਪੁਲਿਸ ਦੇ ਸਾਂਝ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਇੰਦਰਬੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ 17 ਨਵੰਬਰ 2011 ਨੂੰ ਲੁਧਿਆਣੇ ਤੋਂ ਸਾਂਝ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦਾ ਮੁੱਖ ਮਕਸਦ ਲੋਕਾਂ ਅਤੇ ਪੁਲਿਸ ਦਰਮਿਆਨ ਪਾੜੇ ਨੂੰ ਖਤਮ ਕਰਕੇ ਆਪਸੀ ਸਾਂਝ ਨੂੰ ਮਜਬੂਤ ਕਰਨਾ ਹੈ। ਇਸਦੇ ਨਾਲ ਹੀ ਪੁਲਿਸ ਵਿਭਾਗ ਨਾਲ ਸਬੰਧਤ ਕੰਮਾਂ ਲਈ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ ਇਸ ਲਈ ਸਾਂਝ ਕੇਂਦਰਾਂ ‘ਚ ਹਰ ਸੇਵਾ ਨਿਰਧਾਰਤ ਸਮੇਂ ‘ਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਾਂਝ ਕੇਂਦਰਾਂ ਦੀਆਂ ਇਮਾਰਤਾਂ ਤੇ ਡਿਜ਼ਾਇਨ ਇਕਸਾਰ ਹਨ ਅਤੇ ਇਥੇ ਤਇਨਾਤ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਪੁਲਿਸ ਦੀ ਖਾਕੀ ਵਰਦੀ ਦੀ ਥਾਂ ਇੱਕ ਖਾਸ ਵਰਦੀ ਪਹਿਨਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸਾਂਝ ਕੇਂਦਰ ਵਾਤਾਅਨਕੂਲ ਹਨ ਤੇ ਇਥੇ ਹਰ ਕੰਮ ਆਨ-ਲਾਈਨ ਕੀਤਾ ਜਾਂਦਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਾਂਝ ਕੇਂਦਰ ਵਿੱਚ ਇੱਕ ਸਲਾਹਕਾਰ ਕਮੇਟੀ ਗਠਤ ਕੀਤੀ ਜਾਂਦੀ ਹੈ ਜਿਸ ਵਿੱਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋਕਾਂ ਨੂੰ ਇਸ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸਾਂਝ ਕੇਂਦਰਾਂ ਵਿੱਚ ਔਰਤਾਂ, ਬੱਚਿਆਂ ਅਤੇ ਵੱਖ-ਵੱਖ ਸਮਾਜਿਕ ਸਮੱਸਿਆਵਾਂ ਦਾ ਵੀ ਮਿਲ ਬੈਠ ਕੇ ਹੱਲ ਕੀਤਾ ਜਾਂਦਾ ਹੈ। ਐੱਸ.ਐੱਸ.ਪੀ. ਇੰਦਰਬੀਰ ਸਿੰਘ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਬਟਾਲਾ ‘ਚ ਸਾਂਝ ਪ੍ਰੋਜੈਕਟ ਪੂਰਾ ਸਫਲ ਹੋਇਆ ਹੈ ਅਤੇ ਲੋਕਾਂ ਤੇ ਪੁਲਿਸ ਦੀ ਸਾਂਝ ਹੋਰ ਪੱਕੀ ਹੋਈ ਹੈ।
Punjab Post Daily Online Newspaper & Print Media