Wednesday, April 29, 2026

ਗੁਰੂ ਨਾਨਕ ਦੇਵ ਯੂਨੀਵਰਿਸਟੀ ਦੀ ਸਿੰਡੀਕੇਟ ਤੇ ਸੈਨੇਟ ਮੀਟਿੰਗ ‘ਚ ਬਜਟ ਸਰਬ-ਸੰਮਤੀ ਨਾਲ ਪ੍ਰਵਾਨ

PP1903201512

ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਅੱਜ ਇਥੇ ਵਿੱਤੀ ਸਾਲ 2015-16 ਦੇ 338 ਕਰੋੜ 34 ਲੱਖ 75 ਹਜ਼ਾਰ ਰੁਪਏ ਦੇ ਬਜਟ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਯੂਨੀਵਰਸਿਟੀ ਇਸ ਬੱਜਟ ਵਿਚੋਂ 52.34% ਫੀਸਦੀ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰੇਗੀ।
ਦੋਵਾਂ ਸਦਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਉਪ-ਕੁਲਪਤੀ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤੀ ਅਤੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਏਜੰਡਾ ਪੇਸ਼ ਕੀਤਾ।
ਬਜਟ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਬਰਾੜ ਨੇ ਦੱਸਿਆ ਕਿ 2015-16 ਦਾ ਬਜਟ 54 ਕਰੋੜ 71 ਲੱਖ 24 ਹਜ਼ਾਰ ਰੁਪਏ ਵਾਫਰ ਰਕਮ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2015-16 ਦੀ ਸੈਲਰੀ ਦਾ ਅਨੁਮਾਨਿਤ ਖਰਚਾ 181 ਕਰੋੜ ਰੁਪਏ ਸਲਾਨਾ ਦਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਹੋਰ ਭੱਤਿਆਂ ਹੋਣ ਵਾਲੇ ਵਾਧੇ ਲਈ 12 ਕਰੋੜ ਰੁਪਏ ਦੀ ਵਿਵਸਥਾ ਬਜਟ ਵਿਚ ਕੀਤੀ ਗਈ ਹੈ। ਕੁੱਲ ਮਿਲਾ ਕੇ ਖਰਚੇ ਦੀ ਰਕਮ 338 ਕਰੋੜ 34 ਲੱਖ 75 ਹਜ਼ਾਰ ਰੁਪਏ ਹੋਵੇਗੀ।
ਪ੍ਰੋਫੈਸਰ ਬਰਾੜ ਨੇ ਕਿਹਾ ਕਿ ਸਾਲ 2015-16 ਦੌਰਾਨ ਪੰਜਾਬ ਸਰਕਾਰ ਵਲੋਂ 35 ਕੋਰੜ 54 ਲੱਖ 85 ਹਜ਼ਾਰ ਰੁਪਏ ਦੀ ਮੇਨਟੀਨੈਂਸ ਗ੍ਰਾਂਟ ਪ੍ਰਾਪਤ ਹੋਵੇਗੀ। ਗ੍ਰਾਂਟ ਅਤੇ ਫੀਸਾਂ ਆਦਿ ਤੋਂ ਪ੍ਰਾਪਤ ਹੋਣ ਵਾਲੀ 171 ਕਰੋੜ 51 ਲੱਖ 86 ਹਜ਼ਾਰ ਰੁਪਏ ਦੀ ਆਮਦਨ ਨੂੰ ਮਿਲਾ ਕੇ ਕੁਲ 207 ਕਰੋੜ 6 ਲੱਖ 71 ਹਜ਼ਾਰ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ 2015-16 ਦਾ ਬਜਟ 76 ਕਰੋੜ 56 ਲੱਖ 80 ਹਜ਼ਾਰ ਰੁਪਏ ਦੇ ਘਾਟੇ ਨਾਲ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਘਾਟੇ ਦੀ ਪੂਰਤੀ ਹਿਤ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਵੱਖ-ਵੱਖ ਮਦਾਂ ਅਧੀਨ ਖਰਚਾ ਇਸ ਦੌਰਾਨ ਪ੍ਰਾਪਤ ਹੋਣ ਵਾਲੀ ਆਮਦਨ ਦੀ ਅਸਲ ਰਕਮ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 2015-16 ਦੇ ਬਜਟ ਅਨੁਮਾਨ ਦਾ ਕੁਲ ਰਾਸ਼ੀ ਵਿਚੋਂ ਅਧਿਆਪਨ, ਅਲਾਈਡ ਅਧਿਆਪਨ, ਖੋਜ਼ ਅਤੇ ਸਿਖਿਆ ਦਾ ਸੁਧਾਰ ‘ਤੇ 52.34% ਖਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ 2014-15 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ 5 ਕਰੋੜ 8 ਲੱਖ ਰੁਪਏ ਦੀ ਫੀਸ ਵਾਪਿਸ ਕੀਤੀ ਗਈ ਹੈ ਜਾਂ ਰਿਆਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਵਜੋਂ ਅਤੇ ਅਪਾਹਜ ਵਿਦਿਆਰਥੀਆਂ ਦੀ ਮਦਦ ਲਈ 16 ਲੱਖ 58 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁਕੀ ਹੈ। ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਟੈਕਨੀਕਲ ਕੋਰਸਾਂ ਵਿਚ ਮਿਆਰੀ ਸਿਖਿਆ ਦੇਣ ਹਿੱਤ ਉਤਸ਼ਾਹਿਤ ਕਰਨ ਲਈ ਰਿਜਨਨ ਕੈਂਪਸ ਸਠਿਆਲਾ ਅਤੇ ਸੁਲਤਾਨਪੁਰ ਲੋਧੀ, ਫੱਤੂ ਢਂੀਗਾਂ ਵਿਖੇ ਪੜਾਏ ਜਾਂਦੇ ਟੈਕਨੀਕਲ ਕੋਰਸਾਂ ਵਿਚ ਸੈਸ਼ਨ 2015-16 ਤੋ ਦਾਖਲ ਹੋਣ ਵਾਲੇ ਦਿਦਿਆਰਥੀਆਂ ਪਾਸੋ ਲਈ ਜਾਣ ਵਾਲੀ ਫੀਸ ਵਿਚ 30% ਦੀ ਕਟੌਤੀ ਕੀਤੀ ਗਈ ਹੈ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਇਸ ਸਾਲ ਵੀ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ।
ਪ੍ਰੋ. ਬਰਾੜ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਅਦਾਇਗੀ ਕਰਵਾਉਣ ਲਈ 5 ਕਰੋੜ 17 ਲੱਖ 48 ਹਜ਼ਾਰ ਰੁਪਏ ਦੀ ਰਕਮ ਦੇ ਕਲੇਮ ਪੰਜਾਬ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ। ਕਾਲਜ ਵਿਦਿਆਰਥੀਆਂ ਨੂੰ ਸਪੋਰਟਸ ਅਤੇ ਸਭਿਆਚਾਰਕ ਗਤਿਵਿਧੀਆਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਅਤੇ ਕੋਚਾਂ ਦੇ ਮਾਨਭੱਤੇ, ਡੀ.ਏ. ਅਤੇ ਡਾਈਟ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਧ ਤੋਂ ਵੱਧ ਯੁਵਕ ਮੇਲੇ ਅਤੇ ਖੇਡ ਮੁਕਾਬਲੇ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਬਲੇਜ਼ਰ ਆਦਿ ਤੋਂ ਇਲਾਵਾ ਦਿਤੇਂ ਜਾਂਦੇ ਨਕਦ ਪੁਰਸਕਾਰਾਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਸਾਲ 2015-16 ਤੋ ਪੰਜ ਸਾਲ ਲਈ ‘ਚੇਅਰ ਫਾਰ ਸਟੱਡੀ ਆਫ ਦੀ ਗਦਰ ਮੂਵਮੈਂਟ’ ਨਾਂ ਦੀ ਇਕ ਚੇਅਰ ਸਥਾਪਿਤ ਕੀਤੀ ਜਾ ਰਹੀ ਹੈ ਤਾਂ ਜ਼ੋ ਗਦਰੀ ਬਾਬਿਆਂ ਵਲੋ ਭਾਰਤ ਦੀ ਅਜਾਦੀ ਦੀ ਲੜਾਈ ਵਿਚ ਪਾਏ ਬਹੁਮੁੱਲੇ ਯੋਗਦਾਨ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਉਨ੍ਹਾਂ ਵਲੋ ਅਜ਼ਾਦੀ ਦੇ ਘੋਲ ਵਿਚ ਪਾਏ ਯੋਗਦਾਨ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ।
ਉਨ੍ਹਾਂ ਦੱਸਿਆ ਕਿ ਵਰਤਮਾਨ ਪ੍ਰਸਥਿਤੀਆਂ ਦੀ ਲੋੜ ਨੂੰ ਵੇਖਦੇ ਹੋਏ ਯੂਨੀਵਰਸਿਟੀ ਵਲੋ ਸਾਲ 2015-16 ਤੋ ‘ਟੂਰਿਜ਼ਮ ਐਂਡ ਹਾਸਪੀਟੈਲਿਟੀ’ ਦੇ ਨਾਂ ਦਾ ਇਕ ਨਵਾਂ ਵਿਭਾਗ ਖੋਲਿਆ ਜਾ ਰਿਹਾ ਹੈ ਤਾਂ ਜ਼ੋ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ। ਪੰਜਾਬੀ ਸਾਹਿਤ ਦੀ ਸਾਂਭ ਸੰਭਾਲ ਅਤੇ ਇਸ ਦੇ ਪ੍ਰਚਾਰ ਵਿਚ ਪਾਏ ਜਾਂਦੇ ਵਡਮੁੱਲੇ ਯੋਗਦਾਨ ਨੂੰ ਵੇਖਦਿਆਂ ਯੂਨੀਵਰਸਿਟੀ ਵਲੋ ਪੰਜਾਬ ਨਾਟਸ਼ਾਲਾ ਚੈਰੀਟੇਬਲ ਟਰਸਟ ਅੰਮ੍ਰਿਤਸਰ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੂੰ ਇਕ ਇਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜ਼ੋ ਇਨ੍ਹਾਂ ਸੰਸਥਾਵਾਂ ਵਲੋ ਪੰਜਾਬੀ ਸਾਹਿਤ ਸਬੰਧੀ ਕੀਤੀਆਂ ਜਾਂਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾ ਸਕੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply