
ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਸਰੀਰਕ ਤੌਰ ‘ਤੇ ਅੰਗਹੀਣ ਅਤੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਅਤੇ ਸਹਾਇਤਾ ਯੰਤਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਜਿਹੇ ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਮਾਪ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ ਵਿਖੇ ਵੀ ਮੁਫਤ ਸ਼ਨਾਖਤੀ ਕੈਂਪ ਲਗਾਇਆ ਗਿਆ।ਸਰੀਰਕ ਤੌਰ ‘ਤੇ ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ ਚੇਅਰ, ਵਿਸਾਖੀਆਂ, ਬਨਾਵਟੀ ਅੰਗ, ਕਲਿਪਰ, ਕੰਨਾਂ ਨੂੰ ਸੁੰਣਨ ਵਾਲੀਆਂ ਮਸ਼ੀਨਾਂ, ਨੇਤਰਹੀਣ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਵਿਅਕਤੀਆਂ ਨੂੰ ਕਿੱਟਾਂ ਆਦਿ ਦੀ ਲੋੜ ਅਨੁਸਾਰ ਸਹਾਇਤਾ ਮੁੁਹੱਈਆ ਕਰਵਾਉਣ ਲਈ ਲਗਾਏ ਇਸ ਸ਼ਨਾਖਤੀ ਅਤੇ ਮਾਪ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋੋਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ 170 ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿੱਚੋਂ ਟਰਾਈ-ਸਾਈਕਲ ਲਈ 29, ਵੀਲ੍ਹਚੇਅਰਜ਼ ਲਈ 18, ਕੰਨਾਂ ਦੇ ਸੁਣਨ ਵਾਲੀ ਮਸ਼ੀਨ ਲਈ 20, ਬਨਾਵਟੀ ਅੰਗ ਲਈ 7, ਕੈਲੀਪਰ ਲਈ 5, ਕਰਚਸ ਲਈ 44, ਐਮ ਆਰ ਕਿੱਟ ਲਈ 6, ਬਲਾਈਂਡ ਏਡ ਲਈ 3 ਵਿਅਕਤੀ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋੋਂ 13 ਵਿਅਕਤੀਆ ਨੂੰ ਸ਼ਨਾਖਤੀ ਕਾਰਡ, 10 ਵਿਅਕਤੀਆਂ ਨੂੰ ਬੱਸ ਪਾਸ ਅਤੇ 15 ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਗਏ।ਡਿਪਟੀ ਕਮਿਸ਼ਨਰ ਨੇ ਦੱਸਿਆ ਇਸ ਕੈਂਪ ਦੌਰਾਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਤਹਿਤ ਕੰਮ ਕਰਨ ਵਾਲੀ ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਦੀ ਟੀਮ ਵੱਲੋੋਂ ਸ਼ਨਾਖਤ ਕੀਤੇ ਅਜਿਹੇ ਵਿਅਕਤੀਆਂ ਦੇ ਬਨਾਵਟੀ ਅੰਗਾਂ ਲਈ ਮਾਪ ਲਿਆ ਗਿਆ ਹੈ ਅਤੇ ਬਨਾਵਟੀ ਅੰਗਾਂ ਦਾ ਨਿਰਮਾਣ ਹੋਣ ਉਪਰੰਤ ਇਨ੍ਹਾਂ ਵਿਅਕਤੀਆਂ ਨਾਲ ਸੰਪਰਕ ਕਰਕੇ ਇਹ ਅੰਗ ਮੁਹੱਈਆ ਕਰਵਾਏ ਜਾਣਗੇ।ਇਸ ਮੌਕੇ ਐਸ.ਡੀ.ਐਮ ਦਸੂਹਾ ਸ੍ਰੀ ਬਰਜਿੰਦਰ ਸਿੰਘ, ਸਿਵਲ ਸਰਜਨ ਡਾ. ਸੁਰਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਜਗਦੀਸ਼ ਮਿਤਰ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ, ਤਹਿਸੀਲਦਾਰ ਤਰਸੇਮ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਰਿੰਦਰ ਕੌਰ ਘੁੰਮਣ, ਡਾ. ਸੁਨੇਹ ਸਿੰਗਲ, ਡਾ. ਦੀਦਾਰ, ਡਾ. ਕਮਲੇਸ਼, ਡਾ. ਐਸ ਪੀ ਸਿੰਘ, ਡਾ. ਬਲਵਿੰਦਰ ਕੁਮਾਰ, ਡਾ ਗੁਰਦੀਪ ਸਿੰਘ ਤੋੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
Punjab Post Daily Online Newspaper & Print Media