Saturday, April 18, 2026

ਘੁਮਾਣ ਮਰਾਠੀ ਸਾਹਿਤ ਸੰਮੇਲਨ ਮਰਾਠੀ ਭਾਸ਼ਾ ਦੇ ਵਿਕਾਸ ਵਿੱਚ ਮੀਲ-ਪੱਥਰ ਸਾਬਿਤ ਹੋਵੇਗਾ – ਜਾਵੇਡਕਰ

ਕਿਹਾ ਪੰਜਾਬ ਅਤੇ ਮਹਾਂਰਾਸ਼ਟਰ ‘ਚ ਰੂਹਾਨੀ ਤੇ ਸਾਹਿਤਕ ਰਿਸ਼ਤਾ ਹਮੇਸ਼ਾਂ ਕਾਇਮ ਰਹੇਗਾ

PPN0504201502

ਘੁਮਾਣ/ਬਟਾਲਾ, 5 ਅਪ੍ਰੈਲ (ਨਰਿੰਦਰ ਬਰਨਾਲ) – ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਸਦੀਆਂ ਪਹਿਲਾਂ ਪੰਜਾਬੀਆਂ ਤੇ ਮਰਾਠੀਆਂ ‘ਚ ਜੋ ਰਿਸ਼ਤਾ ਕਾਇਮ ਕੀਤਾ ਸੀ ਉਹ ਅੱਜ ਵੀ ਬਰਕਾਰ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਮਰਾਠੀ ਸਮਾਜ ਪੰਜਾਬ ਦੀ ਧਰਤੀ ਘੁਮਾਣ ਵਿਖੇ ਆਪਣਾ 88ਵਾਂ ਮਰਾਠੀ ਸਾਹਿਤ ਉਤਸਵ ਮਨਾ ਰਿਹਾ ਹੈ। ਇਹ ਗੱਲ ਕੇਂਦਰੀ ਵਾਤਾਵਰਨ ਮੰਤਰੀ ਸ੍ਰੀ ਪ੍ਰਕਾਸ਼ ਜਾਵੇਡਕਰ ਨੇ ਅੱਜ ਘੁਮਾਣ ਵਿਖੇ ਚੱਲ ਰਹੇ 88ਵੇਂ ਸਾਹਿਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ। ਕੇਂਦਰੀ ਮੰਤਰੀ ਸ੍ਰੀ ਜਾਵੇਡਕਰ ਨੇ ਕਿਹਾ ਕਿ ਉਹ ਇਸ ਸੰਮੇਲਨ ‘ਚ ਬਤੌਰ ਕੇਂਦਰੀ ਵਾਤਾਵਰਨ ਮੰਤਰੀ ਨਹੀਂ ਬਲਕਿ ਇੱਕ ਸਾਹਿਤ ਪ੍ਰੇਮੀ ਵਜੋਂ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਸੰਤ ਭਗਤ ਨਾਮਦੇਵ ਜੀ ਨੂੰ ਆਪਣੀ ਸ਼ਰਧਾ ਤੇ ਪ੍ਰਨਾਮ ਭੇਂਟ ਕਰਦੇ ਹਨ ਜਿਨ੍ਹਾਂ ਨੇ ਇਸ ਧਰਤੀ ‘ਤੇ ਤਪ ਕੀਤਾ ਅਤੇ ਆਪਣੀ ਪਵਿੱਤਰ ਬਾਣੀ ਦੀ ਰਚਨਾ ਕੀਤੀ ਜੋ ਸਮੁੱਚੀ ਮਨੁੱਖਤਾ ਲਈ ਚਾਨਣਮੁਨਾਰਾ ਹੈ। ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਨੇ ਪੰਜਾਬ ਅਤੇ ਮਹਾਂਰਾਸ਼ਟਰ ਵਿੱਚ ਜੋ ਰੂਹਾਨੀ ਤੇ ਸਾਹਿਤਕ ਰਿਸ਼ਤਾ ਕਾਇਮ ਕੀਤਾ ਹੈ ਉਹ ਹਮੇਸ਼ਾਂ ਕਾਇਮ ਰਹੇਗਾ।
ਮਰਾਠੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਹਜ਼ਾਰਾਂ ਸਾਲ ਦੇ ਸਫਰ ਤੋਂ ਬਾਅਦ ਮਨੁੱਖ ਨੇ ਭਾਸ਼ਾਵਾਂ ਵਿਕਸਤ ਕੀਤੀਆਂ ਹਨ ਅਤੇ ਇਹਨਾਂ ਭਸ਼ਾਵਾਂ ਨੇ ਹੀ ਅੱਗੇ ਜਾ ਕੇ ਸਾਹਿਤ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤ ਸੰਮੇਲਨ ਦੇਸ਼ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਅਤੇ ਅਜਿਹੇ ਸਾਂਝੇ ਮੌਕਿਆਂ ਨਾਲ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦਾ ਅਦਾਨ-ਪ੍ਰਦਾਨ ਹੁੰਦਾ ਹੈ। ਸਰਹੱਦ ਸੰਸਥਾ ਪੂਨੇ ਦੇ ਇਸ ਉਦਮ ਦੀ ਸਰਾਹਨਾ ਕਰਦਿਆਂ ਉਨ੍ਹਾਂ ਕਿਹਾ ਕਿ ਘੁਮਾਣ ਵਿਖੇ ਕਰਾਇਆ ਜਾ ਰਿਹਾ ਇਹ ਮਰਾਠੀ ਸਾਹਿਤ ਸੰਮੇਲਨ ਮਰਾਠੀ ਭਾਸ਼ਾ ਦੇ ਵਿਕਾਸ ਵਿੱਚ ਇੱਕ ਮੀਲ-ਪੱਥਰ ਸਾਬਿਤ ਹੋਵੇਗਾ। ਇਸ ਮੌਕੇ ਉਨ੍ਹਾਂ ਮਰਾਠੀ ਸਾਹਿਤ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਕੇਂਦਰੀ ਮੰਤਰੀ ਸ੍ਰੀ ਜਾਵੇਡਕਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਘੁਮਾਣ ਵਿਖੇ ਚੱਲ ਰਹੇ ਇਸ ਮਰਾਠੀ ਸਾਹਿਤ ਸੰਮੇਲਨ ਲਈ ਆਪਣੀਆਂ ਸ਼ੁਭ-ਇਛਾਵਾਂ ਭੇਜੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਇਸ ਸੰਮੇਲਨ ਨੂੰ ਕਰਾਉਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਪੰਜਾਬ ਸਰਕਾਰ ਦੇ ਇਸ ਸੰਮੇਲਨ ਦੀ ਮਹਿਮਾਨ ਨਿਵਾਜੀ ਲਈ ਮਰਾਠਾ ਸਮਾਜ ਵੱਲੋਂ ਧੰਨਵਾਦੀ ਹਨ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜਾਵੇਡਕਰ ਦਾ ਸ੍ਰੀ ਸਾਹਿਬ ਅਤੇ ਸ਼ਾਲ ਦੇ ਸਨਮਾਨ ਕੀਤਾ। ਇਸਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪੰਡਾਲ ਵਿੱਚ ਜਾ ਕੇ ਮਰਾਠੀ ਅਤੇ ਪੰਜਾਬੀ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਅਖਿਲ ਭਾਰਤੀਯ ਮਰਾਠੀ ਸਾਹਿਤ ਮਹਾਂਮੰਡਲ ਦੀ ਪ੍ਰਧਾਨ ਡਾ. ਮਾਧਵੀ ਵੈਧਯਾ, ਡਾ. ਸਦਾਨੰਦ ਮੋਰੇ, ਸੰਮੇਲਨ ਦੇ ਮਰਾਠਾ ਪ੍ਰਬੰਧਕ ਭਾਰਤ ਦੇਸਲਾ, ਪਦਮ ਸ੍ਰੀ ਡਾ. ਗਣੇਸ਼ ਦੇਵੀ, ਸੰਜੇ ਨਾਹਰ ਤੋਂ ਇਲਾਵਾ ਮਰਾਠੀ ਸਾਹਿਤਕਾਰ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply