ਰਾਮ ਪੈਲਸ ਨੂੰ ਹਟਾ ਕੇ ਨਵਾਂ ਬੱਸ ਸਟੈਂਡ ਬਨਾਉਣ ਦੇ ਪੱਖ ਵਿਚ ਹਨ ਚੋ. ਸੁਰਜੀਤ ਜਿਆਣੀ
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਪਿਛਲੇ ਕੁੱਝ ਦਿਨਾਂ ਤੋ ਸ਼ਹਿਰ ਵਿੱਚ ਰਾਜਨੀਤੀ ਦਾ ਅਖਾੜਾ ਬਣੇ ਰਾਮ ਪੈਲਸ ਨੂੰ ਹਟਾਉਣ ਅਤੇ ਉਸ ਦੀ ਥਾਂ ‘ਤੇ ਨਵਾਂ ਬੱਸ ਸਟੈਂਡ ਬਨਾਉਣ ਦੇ ਪੱਖ ਵਿਚ ਆਉਦੇ ਹੋਏ ਕੈਬਿਨੇਟ ਮੰਤਰੀ ਤੇ ਸਥਾਨਕ ਵਿਧਾਇਕ ਚੋ. ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਨਗਰ ਕੌਂਸਲ ਫਾਜ਼ਿਲਕਾ ਦੀ ਟੀ.ਵੀ ਟਾਵਰ ਨਜਦੀਕ ਜਗ੍ਹਾ ‘ਤੇ ਬਣੇ 20 ਸਾਲ ਪੁਰਾਣੇ ਕਮਿਉਨੀਟੀ ਹਾਲ ਦੀ ਥਾਂ ਤੇ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਟਰੈਫਿਕ ਸਮੱਸਿਆ ਦੇ ਹੱਲ ਲਈ 5 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਅੱਤ ਆਧੂਨਿਕ ਬੱਸ ਸਟੈਂਡ ਦੀ ਉਸਾਰੀ ਕੀਤੀ ਜਾਵੇਗੀ ਜਦਕਿ ਸ਼ਹਿਰ ਵਾਸੀਆਂ ਵੱਲੋਂ ਕਰਵਾਏ ਜਾਂਦੇ ਵੱਖ ਵੱਖ ਸਮਾਗਮਾਂ ਦੀ ਫਾਜਿਲਕਾ ਵਿਖੇ ਪਹਿਲਾਂ ਹੀ 6 ਵਧੀਆ ਕਮਿਉਨੀਟੀ ਸੈਂਟਰ ਹਨ ਤੇ ਜੇਕਰ ਲੋੜ ਪਈ ਤਾਂ ਹੋਰ ਕਮਿਉਨੀਟੀ ਸੈਂਟਰਾਂ ਦੀ ਵੀ ਉਸਾਰੀ ਕੀਤੀ ਜਾਵੇਗੀ ।
ਇਹ ਜਾਣਕਾਰੀ ਸਿਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਨਗਰ ਕੋਂਸਲ ਦੇ ਨਵ ਨਿਯੁਕਤ ਪ੍ਰਧਾਨ ਰਾਕੇਸ਼ ਧੂੜੀਆ ਦੇ ਤਾਜਪੋਸ਼ੀ ਸਮਾਗਮ ਮੌਕੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਿੱਤੀ।ਜਿਆਣੀ ਨੇ ਕਿਹਾ ਕਿ ਫਾਜਿਲਕਾ ਦਾ ਪੁਰਾਣਾ ਬਸ ਅੱਡਾ ਸ਼ਹਿਰ ਦੇ ਵਿਚ ਅਤੇ ਬਹੁਤ ਥੋੜੀ ਜਗ੍ਹਾਂ ਤੇ ਹੋਣ ਕਾਰਨ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਦਾ ਪੱਕਾ ਹਲ ਇਕ ਨਵਾਂ ਬੱਸ ਸਟੈਂਡ ਬਨਣ ਨਾਲ ਹੀ ਨਿਕਲੇਗਾ। ਉਨ੍ਹਾਂ ਕਿਹਾ ਕਿ ਟੀ.ਵੀ. ਟਾਵਰ ਨਜਦੀਕ 20 ਸਾਲ ਪਹਿਲਾਂ ਬਣਿਆ ਕਮਿਉਨੀਟੀ ਹਾਲ ਬਹੁਤ ਹੀ ਪੁਰਾਣਾ ਹੋ ਚੁੱਕਾ ਸੀ ਜਿਸਦੀ ਟੀਨ ਦੀ ਛੱਤ ਤੋਂ ਇਲਾਵਾ ਸ਼ੋਰੇ ਕਾਰਨ ਫਰਸ਼ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ ਤੇ ਇਸ ਨੂੰ ਕੋਈ ਵੀ ਠੇਕੇ ਤੇ ਲੈਣ ਨੂੰ ਤਿਆਰ ਨਹੀ ਸੀ ਅਤੇ ਹੁਣ ਬੱਸ ਸਟੈਂਡ ਬਨਣ ਨਾਲ ਇਸ ਦੀ ਸਹੀ ਵਰਤੋਂ ਹੋ ਸਕੇਗੀ । ਉਨ੍ਹਾਂ ਕਿਹਾ ਕਿ ਬੱਸ ਸਟੈਂਡ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨਾਲ ਨਗਰ ਕੌਂਸਲ ਵੱਲੋ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕੁੱਝ ਲੋਕ ਨਵੇਂ ਬੱਸ ਸਟੈਂਡ ਨੂੰ ਲੈ ਕੇ ਗਲਤ ਬਿਆਨਬਾਜੀ ਕਰ ਰਹੇ ਹਨ ਅਤੇ ਅਫਵਾਹਾਂ ਫੈਲਾ ਰਹੇ ਹਨ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਲਈ ਜਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਸਹਿਯੋਗ ਦੇਣ ਅਤੇ ਕੁੱਝ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਚੇਤ ਰਹਿਣ।ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋ ਰਾਮ ਪੈਲਸ ਦੀ ਇਹ ਇਮਾਰਤ ਕਾਂਗਰਸ ਪਾਰਟੀ ਲਈ ਬਟੈਰ ਬਨੀ ਹੋਈ ਹੈ।ਕਾਂਗਰਸੀ ਆਗੂ ਅਤੇ ਸਾਬਕਾਂ ਸਾਂਸਦ ਵਰਿੰਦਰ ਕਟਾਰਿਆ ਇਸ ਇਮਾਰਤ ਨੂੰ ਢਾਉਣ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਸਬੰਧ ਵਿੱਚ ਕਾਂਗ੍ਰੇਸੀ ਆਗੂਆ ਨੇ ਵੱੜੀ ਗਿਨਤੀ ਵਿੱਚ ਡੀ.ਸੀ ਫ਼ਾਜਿਲਕਾ ਨੂੰ ਮਿਲ ਕੇ ਇਸ ਨੂੰ ਢਾਉਣ ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਜਗਾਂ ਆਮ ਲੋਕਾ ਦੇ ਵਰਤੋ ਦੀ ਜਗਾਂ ਹੈ ਜਿਸਨੂੰ ਨਾ ਤੋੜਿਆ ਜਾਵੇ । ਸ੍ਰੀ ਕਟਾਰਿਆ ਨੇ ਚੇਤਾਵਨੀ ਵੀ ਦਿਤੀ ਸੀ ਕਿ ਜੇਕਰ ਸੱਤਾਧਾਰੀ ਪਾਰਟੀ ਧੱਕਾ ਕਰੇਗੀ ਤਾ ਉਹ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਤੋ ਵੀ ਗੁਰੇਜ ਨਹੀ ਕਰਣਗੇ ।
Punjab Post Daily Online Newspaper & Print Media