ਵਿਦਿਆਰਥੀਆਂ ਦੇ ਮਾਨਸਿਕ ਤੇ ਆਰਥਿਕ ਸੋਸ਼ਨ ਲਈ ਜੀਐਨਡੀਯੂ ਪ੍ਰਸ਼ਾਸਨ ਪੂਰੀ ਤਰ੍ਹਾਂ ਜਿੰਮੇਵਾਰ – ਹੈਰੀ

ਛੇਹਰਟਾ, 10 ਅਪ੍ਰੈਲ (ਨੋਬਲ) – ਜੀਐਨਡੀਯੂ ਵਲੋਂ ਬੀਤੀ 2 ਅਪ੍ਰੈਲ ਨੂੰ ਪਹਿਲੇ ਸਮੈਸਟਰ ਵਿਚ ਪੂਰੀ ਤਰ੍ਹਾਂ ਨਾਲ ਪਾਸ ਨਾ ਹੋਣ ਵਾਲੇ ਵਿਦਿਆਰਥੀਆਂ ਨੂੰ 6ਵੇਂ ਸਮੈਸਟਰ ਵਿਚ ਪੇਪਰ ਦੇਣ ਤੋਂ ਵਾਂਝਿਆਂ ਰੱਖੇ ਜਾਣ ਵਾਲੇ ਸਰਕੂਲਰ ‘ਤੇ ਵਿਦਿਆਰਥੀਆਂ ਦੇ ਬੀਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਅਤੇ ਹੋਰ ਭੱਖਦੇ ਮਸਲਿਆਂ ਨੂੰ ਲੈ ਕੇ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਵਲੋਂ ਅੱਜ ਪ੍ਰਧਾਨ ਰੋਜਦੀਪ ਕੋਰ ਤੇ ਜਨਰਲ ਸਕੱਤਰ ਅਜੈ ਫਿਲੋਰ ਦੀ ਦੇਖ ਰੇਖ ਹੇਠ ਜੀਐਨਡੀਯੂ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਜੀਐਨਡੀਯੂ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਪਿੱਟ ਸਿਆਪਾ ਕਰਨ ਤੋਂ ਬਾਅਦ ਜੀਐਨਡੀਯੂ ਦੀ ਕੰਟਰੋਲਰ ਪ੍ਰੀਖਿਆਵਾਂ ਰੇਨੂੰ ਭਾਰਦਵਾਜ ਨਾਲ ਮੁਲਾਕਾਤ ਕੀਤੀ। ਜਿਸ ਵਿਚ ਪੰਜਾਬ ਭਰ ਦੇ ਸੈਂਕੜੇ ਵਿਦਿਆਰਥੀਆਂ ਉਚੇਚੇ ਤੋਰ ਤੇ ਸ਼ਿਰਕਤ ਕੀਤੀ।
ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਸੂਬਾ ਪੱਧਰੀ ਸਿਰਕੱਢ ਆਗੂ ਸਰਬਜੀਤ ਸਿੰਘ ਹੈਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨਿਵਰਸਿਟੀ ਦੇ ਇਸ ਨਵੇਂ ਫਰਮਾਨ ਕਾਰਨ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਦਾਵ ਤੇ ਲੱਗ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਨਿਵਰਸਿਟੀ ਵਲੋਂ ਜਾਰੀ ਕੀਤੇ ਗਏ ਅਚਨਚੇਤ ਫਰਮਾਨ ਦੇ ਨਾਲ ਹਜਾਰਾਂ ਵਿਦਿਆਰਥੀਆਂ ਦਾ ਆਰਥਿਕ ਸੋਸ਼ਨ ਹੋਇਆ ਹੈ। ਕਿਉਂਕਿ ਸਬੰਧਤ ਕਾਲਜ਼ਾਂ ਦੇ ਵਲੋਂ ਇਨ੍ਹਾਂ ਵਿਦਿਆਰਥੀਆਂ ਕੋਲੋਂ ਪੂਰੀਆਂ ਫੀਸਾਂ ਵਸੂਲ ਲਈਆਂ ਗਈਆਂ ਹਨ। ਜੱਦ ਕਿ ਕੁਝ ਹੀ ਦਿਨਾਂ ਤੱਕ ਰੋਲ ਨੰਬਰ ਜਾਰੀ ਹੋਣੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਨਸਿਕ ਤੇ ਆਰਥਿਕ ਸੋਸ਼ਨ ਦੇ ਲਈ ਜੀਐਨਡੀਯੂ ਪ੍ਰਸ਼ਾਸਨ ਪੂਰੀ ਤਰ੍ਹਾਂ ਜਿੰਮੇਵਾਰ ਹੈ। ਉਨ੍ਹਾ ਕਿਹਾ ਕਿ ਅਜਿਹੇ ਨਿਯਮ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਾਗੂ ਹੋਣੇ ਚਾਹੀਦੇ ਹਨ। ਇਸ ਮੋਕੇ ਆਪਣੇ ਸੰਬੋਧਨ ਵਿਚ ਫੈਡਰੇਸ਼ਨ ਨੇਤਾ ਅਜੈ ਫਿਲੋਰ ਨੇ ਕਿਹਾ ਕਿ ਜੀਐਨਡੀਯੂ ਜਾਣਬੁੱਝਕੇ ਸਮੇਂ ਸਿਰ ਨਤੀਜੇ ਜਾਰੀ ਨਹੀਂ ਕਰਦੀ। ਜਦੋਂ ਕਿ ਉਪਰੋਕਤ ਸਮੱਸਿਆ ਤੋਂ ਪੀੜਿਤ ਵਿਦਿਆਰਥੀਆਂ ਕੋਲੋਂ ਪੂਰੇ ਸਮੈਸਟਰ ਦੀ ਫੀਸ ਬੀਤੇ ਦਸੰਬਰ ਮਹੀਨੇ ਵਿਚ ਲਈ ਜਾ ਚੁੱਕੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜੀਐਨਡੀਯੂ ਪ੍ਰਬੰਧਨ ਨੇ ਵਿਦਿਆਰਥੀਆਂ ਦੀਆਂ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਸਟੂਡੈਂਟ ਫੈਡਰੇਸ਼ਨ ਹਮਖਿਆਲੀ ਵਿਦਿਆਰਥੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢੇਗੀ।
ਇਸ ਮੋਕੇ ਫੈਡਰੇਸ਼ਨ ਆਗੂਆਂ ਅਜੈ ਫਿਲੋਰ, ਸਰਬਜੀਤ ਸਿੰਘ ਤੇ ਹੋਰਾਂ ਨੇ ਕੰਟਰੋਲਰ ਪ੍ਰੀਖਿਆਵਾਂ ਰੇਨੂੰ ਭਾਰਦਵਾਜ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਵੀ ਪੇਸ਼ ਕੀਤਾ। ਇਸ ਮੋਕੇ ਮੈਡਮ ਰੇਨੂੰ ਭਾਰਦਵਾਜ ਨੇ ਵਿਦਿਆਰਥੀ ਆਗੂਆਂ ਨੂੰ ਸਪਸ਼ਟ ਕੀਤਾ ਕਿ ਜੀਐਨਡੀਯੂ ਦੇ ਵਲੋਂ ਜਾਰੀ ਕੀਤਾ ਜਾਂਦਾ ਸਰਕੂੁਲਰ ਜੀਐਨਡੀਯੂ ਦੀਆਂ ਕਈ ਕਮੇਟੀਆਂ ਦੇ ਵਲੋਂ ਪਾਸ ਕੀਤਾ ਜਾਂਦਾ ਹੈ ਤੇ ਬਾਅਦ ਵਿਚ ਅਮਲ ਵਿਚ ਲਿਆਂਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋ ਵਾਪਰ ਰਿਹਾ ਹੈ, ਉਹ ਜੀਐਨਡੀਯੂ ਨਿਯਮਾਵਲੀ ਤੇ ਕਾਇਦੇ ਕਾਨੂੰਨ ਮੁਤਾਬਕ ਹੋ ਰਿਹਾ ਹੈ। ਇਸ ਮੋਕੇ ਸੋਨੂੰ ਢੇਸੀ, ਮਨੀ ਜੱਸਲ, ਵਤਨਦੀਪ ਕੋਰ, ਵਿਜੈ ਜੰਡਿਆਲਾ, ਹਰਪ੍ਰੀਤ ਸਿੰਘ, ਸੁਖਦੀਪ ਸੰਗਤਪੁਰਾ, ਮਨੋਜ ਕੁਮਾਰ, ਹਨੀ ਬਾਂਘੜ, ਨਵਦੀਪ ਸਿੰਘ, ਸ਼ਿਵਮ, ਮਨਪ੍ਰੀਤ ਮੈਂਡੀ, ਪੁਨੀਤ ਢੇਸੀ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਰੋਹਿਤ ਕੁਮਾਰ, ਵਿਨੋਦ, ਅਜੈ, ਵਰੁਣ ਕੁਮਾਰ ਆਦਿ ਹਾਜਰ ਸਨ।
Punjab Post Daily Online Newspaper & Print Media