Monday, September 28, 2026

ਵਿਸ਼ਵ ਦੇ ਪ੍ਰਮੁੱਖ ਮਹਾਨ ਜਰਨੈਲ ਨਲਵਾ ਦਾ ਸ਼ਹੀਦੀ ਦਿਹਾੜਾ ਸੂਬਾ ਪੱਧਰ ‘ਤੇ ਮਨਾਇਆ ਜਾਵੇ-ਕੋਛੜ

30 ਅਪ੍ਰੈਲ ਨੂੰ ਹੈ ਸ. ਨਲਵਾ ਦਾ 178ਵਾਂ ਸ਼ਹੀਦੀ ਦਿਹਾੜਾ

Surinder Kochhar

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਵੇ ਕਿ ਆਸਟ੍ਰੇਲੀਆ ਦੀ ਪ੍ਰਸਿੱਧ ਮੈਗਜ਼ੀਨ ਬਿਲਨਿਅਰ ਦੁਆਰਾ ਵਿਸ਼ਵ ਇਤਿਹਾਸ ਦੇ ਅਜੇ ਤੱਕ ਦੇ ਪ੍ਰਮੁੱਖ 10 ਜੇਤੂਆਂ, ਸ. ਹਰੀ ਸਿੰਘ ਨਲਵਾ, ਚੰਗੇਜ਼ ਖ਼ਾਂ, ਸਿਕੰਦਰ, ਆਟੀਲਾ ਹੂਣ, ਜੂਲੀਅਸ ਸੀਜ਼ਰ, ਸਾਈਰਸ, ਫਰਾਂਸਿਸਕੋ ਪਿਜ਼ੈਰੋ, ਨਪੋਲੀਅਨ ਬੋਨਾਪਾਰਟ, ਹਾਨੀਬਲ ਬਰਕਾ ਅਤੇ ਤੈਮੂਰ ਲੰਗ ਵਿਚੋਂ ਸz. ਨਲਵਾ ਨੂੰ ਪਹਿਲੇ ਸਥਾਨ ‘ਤੇ ਰੱਖ ਕੇ ਉਨ੍ਹਾਂ ਦੇ ਪ੍ਰਤੀ ਵਿਸ਼ੇਸ਼ ਸਨਮਾਨ ਪ੍ਰਗਟ ਕੀਤਾ ਹੈ, ਪਰੰਤੂ ਸ. ਨਲਵਾ ਦੀ ਸ਼ਹਾਦਤ ਦੇ 177 ਵਰ੍ਹੇ ਬਾਅਦ ਵੀ ਸੂਬਾ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਸਿਰਕੱਢ ਸਿੱਖ ਸੰਸਥਾ ਦੁਆਰਾ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਨਹੀਂ ਕੀਤੀ ਗਈ।ਇਸ ਸੰਬੰਧੀ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਬੁੱਧਵਾਰ ਦੁਪਹਿਰ ਪ੍ਰੈਸ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਉਹਨਾਂ ਮੁੱਖ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਰਜਿਸਟਰਡ ਪੱਤਰ ਲਿਖ ਕੇ ਸ. ਨਲਵਾ ਦਾ ਸ਼ਹਾਦਤ ਦਿਹਾੜਾ ਹਰ ਵਰ੍ਹੇ ਵੱਡੇ ਪੱਧਰ ‘ਤੇ ਮਨਾਉਣ ਲਈ ਘੋਸ਼ਣਾ ਕਰਨ ਦੀ ਮੰਗ ਕੀਤੀ ਸੀ।ਇਸ ਦੇ ਇਲਾਵਾ ਮੁੱਖ ਮੰਤਰੀ ਪਾਸੋਂ ਇਹ ਵੀ ਮੰਗ ਕੀਤੀ ਗਈ ਸੀ ਕਿ ਕਸ਼ਮੀਰ ਰੋਡ ਦਾ ਨਾਂ ਕਸ਼ਮੀਰ ‘ਤੇ ਫ਼ਤਹਿ ਪ੍ਰਾਪਤ ਕਰਨ ਵਾਲੇ ਮਹਾਨ ਜਰਨੈਲ ਸz. ਹਰੀ ਸਿੰਘ ਨਲਵਾ ਦੇ ਨਾਂਅ ‘ਤੇ ਰੱਖਿਆ ਜਾਵੇ ਅਤੇ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਵਿਚ ਉਹਨਾਂ ਦੇ ਨਾਂ ‘ਤੇ ਬਾਗ਼ ਅਤੇ ਮਿਊਜ਼ੀਅਮ ਉਸਾਰੇ ਜਾਣ, ਪਰੰਤੂ ਇਸ ਸੰਬੰਧੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
30 ਅਪ੍ਰੈਲ 1837 ਨੂੰ ਜਮਰੋਧ ਕਿਲ੍ਹੇ ਵਿਚ ਹੋਈ ਸ. ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਬਾਅਦ ਸੰਨ 2009 ਵਿਚ ਨਿੱਜੀ ਤੌਰ ‘ਤੇ ਪਹਿਲੀ ਵਾਰ ਸ. ਨਲਵਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਕਰਨ ਵਾਲੇ ਸ਼੍ਰੀ ਕੋਛੜ ਨੇ ਦੱਸਿਆ ਕਿ ਸਿੱਖ ਰਾਜ ਦੀ ਨੀਂਹ ਅਤੇ ਸਿੱਖ ਰਾਜ ਦੇ ਮਜ਼ਬੂਤ ਸਤੰਭ ਜਿਹੇ ਨਾਂਵਾਂ ਨਾਲ ਪ੍ਰਸਿੱਧ ਸ. ਹਰੀ ਸਿੰਘ ਨਲਵਾ ਅਜਿਹੇ ਬਹਾਦਰ ਜਰਨੈਲ ਸਨ, ਜਿਨ੍ਹਾਂ ਨੇ ਆਪਣੀ ਥੋੜੀ ਜਿਹੀ ਫੌਜ ਦੇ ਨਾਲ ਅਫ਼ਗਾਨੀ ਪਠਾਣਾਂ ਦੇ ਦਿਲਾਂ ਵਿਚ ਸਿੱਖ ਹਕੂਮਤ ਦੇ ਪ੍ਰਤੀ ਅਜਿਹਾ ਖ਼ੌਫ਼ ਪੈਦਾ ਕਰ ਦਿੱਤਾ ਕਿ ਅਫ਼ਗਾਨ ਔਰਤਾਂ ਆਪਣੇ ਸ਼ਰਾਰਤੀ ਬੱਚਿਆਂ ਨੂੰ ਸ. ਨਲਵਾ ਦਾ ਨਾਂ ਲੈ ਕੇ ਡਰਾਉਂਦੀਆਂ ਸਨ।ਜਦੋਂਕਿ ਅੱਜ ਪੂਰੇ ਸੰਸਾਰ ਦੀਆਂ ਸਰਕਾਰਾਂ ਮਿਲ ਕੇ ਵੀ ਤਾਲਿਬਾਣ ‘ਤੇ ਕਾਬੂ ਪਾਉਣ ਤੋਂ ਅਸਮਰਥ ਵਿਖਾਈ ਦੇ ਰਹੀਆਂ ਹਨ।ਇਤਿਹਾਸਕਾਰ ਸ਼੍ਰੀ ਕੋਛੜ ਨੇ ਦੱਸਿਆ ਕਿ ਸ. ਨਲਵਾ ਦੀ ਸ਼ਹਾਦਤ ਦਾ ਸਮਾਚਾਰ ਸੁਣਕੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੀ ਨਲਵਾ ਦੀ ਸ਼ਹਾਦਤ ਦੇ ਨਾਲ ਸਿੱਖ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ ਹੈ।ਸ਼੍ਰੀ ਕੋਛੜ ਦੇ ਅਨੁਸਾਰ ਵਾਕਿਆ ਹੀ ਸਿੱਖ ਰਾਜ ਦੀ ਇਸ ਮਜ਼ਬੂਤ ਨੀਂਹ ਦੇ ਆਪਣੇ ਸਥਾਨ ਤੋਂ ਹਟਦਿਆਂ ਹੀ ਖ਼ਾਲਸਾ ਰਾਜ ਦੇ ਮਹਿਲ ਮੁਨਾਰੇ ਤਹਿਸ-ਨਹਿਸ ਹੋ ਗਏ।
ਸ. ਨਲਵਾ ਦੀ ਸ਼ਹਾਦਤ ਦੇ ਬਾਅਦ ਅਜੇ ਤਕ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਨਾ ਮਨਾਏ ਜਾਣ ਨੂੰ ਮੰਦਭਾਗਾ ਦੱਸਦਿਆਂ ਸ਼੍ਰੀ ਕੋਛੜ ਨੇ ਕਿਹਾ ਕਿ 13 ਸਾਲ ਪਹਿਲਾਂ ਜਦੋਂ ਉਹਨਾਂ ਨੇ ਸ. ਨਲਵਾ ‘ਤੇ ‘ਖ਼ਾਲਸਾ ਰਾਜ ਦੀ ਨੀਂਹ-ਹਰੀ ਸਿੰਘ ਨਲਵਾ’ ਪੁਸਤਕ ਲਿਖਣੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਹੀ ਕੋਸ਼ਿਸ਼ ਕਰ ਕਰ ਰਹੇ ਸਨ ਕਿ ਸ. ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ, ਜਿਸ ਵਿਚ ਉਹਨਾਂ ਨੂੰ ਛੇ ਵਰ੍ਹੇ ਪਹਿਲਾਂ ਸਫ਼ਲਤਾ ਮਿਲੀ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply