ਪਾਕਿਸਤਾਨ ਤੋਂ ਆਏ ਮਕਬੂਲ ਸ਼ਾਇਰ, ਆਲੋਚਕ ਤੇ ਸੰਪਾਦਕ ਅਹਿਮਦ ਸਲੀਮ ਨੇ ਕੀਤੀ ਸ਼ਿਰਕਤ
ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ .ਏ. ਵੀ. ਕਾਲਜ ਫਾਰ ਵੂਮੈਨ ‘ਚ ਪੰਜਾਬੀ ਵਿਭਾਗ ਵਲੋਂ ਆਯੋਜਿਤ ਕੀਤੇ ਇਕ ਸੈਮੀਨਾਰ ‘ਚ ਪਾਕਿਸਤਾਨ ਤੋਂ ਆਏ ਮਕਬੂਲ ਸ਼ਾਇਰ, ਆਲੋਚਕ ਤੇ ਸੰਪਾਦਕ ਜਨਾਬ ਅਹਿਮਦ ਸਲੀਮ ਜੀ ਨੇ ਸ਼ਿਰਕਤ ਕੀਤੀ।
ਇਸ ਸੈਮੀਨਾਰ ਵਿੱਚ ਅਹਿਮਦ ਸਲੀਮ ਜੀ ਨੇ ਪੰਜਾਬੀ ਸਾਹਿਤ, ਸਭਿਆਚਾਰ ਗੁਰਮੁਖੀ ਤੇ ਸ਼ਾਹਮੁਖੀ ਲਿਪੀ ਮਾਂ ਬੋਲੀ ਤੇ ਜ਼ਿੰਦਗੀ ਦੇ ਹੋਰ ਅਹਿਮ ਮੁੱਦਿਆਂ ਤੇ ਬਹੁਤ ਮੁੱਲਵਾਨ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ ਅਤੇ ਨਾਲ ਹੀ ਉਹਨਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਹੱਦੀ ਕੰਧਾਂ ਵਿੱਚ ਪਿਆਰ ਮੁਹੱਬਤ, ਇਜ਼ੱਤ ਤੇ ਦੋਸਤੀ ਦੀਆਂ ਬਾਰੀਆਂ, ਰੋਸ਼ਨਦਾਨ ਤੇ ਦਰਵਾਜ਼ੇ ਹੋਣੇ ਜਰੂਰੀ ਹਨ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਕੁੜੱਤਣ ਘਟਾਈ ਜਾ ਸਕੇ ਅਤੇ ਇਹ ਬਾਖੂਬੀ ਦੋਹਾਂ ਮੁਲਕਾਂ ਦੀਆਂ ਨਵੀਆਂ ਪੀੜ੍ਹੀਆਂ ਅਤੇ ਕਲਾਕਾਰ ਸਹਿਜੇ ਹੀ ਕਰ ਸਕਦੇ ਹਨ। ਇਸ ਮੌਕੇ ਉਹਨਾਂ ਆਪਣੀਆਂ ਦੋ ਖੂਬਸੂਰਤ ਨਜ਼ਮਾਂ ਵੀ ਸੁਣਾਈਆਂ ਅਤੇ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ।
ਪੰਜਾਬੀ ਵਿਭਾਗ ਦੇ ਮੁਖੀ ਮੈਡਮ ਡਾ. ਰੁਪਿੰਦਰ ਜੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਸੈਮੀਨਾਰ ਦਾ ਆਗਾਜ਼ ਕੀਤਾ, ਪੰਜਾਬੀ ਵਿਭਾਗ ਦੇ ਪ੍ਰੋਫੈਸਰਾਂ ਤੇ ਐਮ.ਏ.ਪੰਜਾਬੀ ਦੀਆਂ ਵਿਦਿਆਰਥਣਾਂ ਨੇ ਜਨਾਬ ਅਹਿਮਦ ਸਲੀਮ ਜੀ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਮੰਚ ਸੰਚਾਲਨ ਮੈਡਮ ਮਨਪ੍ਰੀਤ ਬੁੱਟਰ ਅਤੇ ਵਿਦਿਆਰਥਣ ਨਵਜੀਤ ਨੇ ਬਾਖੂਬੀ ਅਦਾ ਕੀਤਾ।
ਪ੍ਰਿੰਸੀਪਲ ਮੈਡਮ ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਨੇ ਜਨਾਬ ਅਹਿਮਦ ਸਲੀਮ ਜੀ ਨੂੰ ਫੁੱਲਾਂ ਦਾ ਗੁਲਦਸਤਾ, ਸ਼ਾਲ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਉਹਨਾਂ ਦਾ ਇਸ ਸੈਮੀਨਾਰ ‘ਚ ਆਉਣ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਸੈਮੀਨਾਰ ਦੀ ਸਮਾਪਤੀ ਮੈਡਮ ਡਾ. ਰਾਣੀ ਵਲੋਂ ਕੀਤੀ ਗਈ ਅਤੇ ਭੱਵਿਖ ਵਿੱਚ ਵੀ ਅਜਿਹੇ ਸੈਮੀਨਾਰ ਆਯੋਜਿਤ ਹੁੰਦੇ ਹੀ ਰਹਿਣਗੇ, ਇਸ ਅਹਿਦ ਨੂੰ ਦੋਹਰਾਇਆ ਗਿਆ। ਇਸ ਮੌਕੇ ਪੰਜਾਬੀ ਦੇ ਪ੍ਰੋਫੈਸਰ ਮੈਡਮ ਹਰਸਿਮਰਨ, ਮੈਡਮ ਪਰਮਜੀਤ, ਪ੍ਰੋ. ਰਾਜਦੀਪ ਮਹਿਰਾ, ਮੈਡਮ. ਕਿਰਨਦੀਪ, ਮੈਡਮ ਜਸਬੀਰ, ਮੈਡਮ ਮਨਪ੍ਰੀਤ ਬੱਲ, ਪ੍ਰੋਫੈਸਰ ਸਿਮਰ ਗਿੱਲ, ਮੈਡਮ ਮਨਪ੍ਰੀਤ, ਮੈਡਮ ਕੰਵਲ ਅਤੇ ਵਿਦਿਆਰਥਣਾਂ ਹਾਜ਼ਰ ਸਨ।
Punjab Post Daily Online Newspaper & Print Media