
ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਕਿਸਾਨਾਂ ਵਲੋਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਨੂੰ ਰੋਕਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਅਧਾਰ ‘ਤੇ ਅੱਜ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਵਲੋਂ ਮਿੱਟੀ ਅਤੇ ਪਾਣੀ ਦੇ 1300 ਸੈਂਪਲ ਲਏ ਗਏ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਿੱਢੀ ਗਈ ਇਸ ਮੁਹਿੰਮ ਦਾ ਉਦੇਸ਼ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ, ਤਾਂ ਜੋ ਕਿਸਾਨ ਸਮੇਂ-ਸਮੇਂ ‘ਤੇ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣ ਸਬੰਧੀ ਜਾਗਰੂਕ ਹੋਣ ਅਤੇ ਖਾਦ ਤੇ ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਦੀ ਸਖਤ ਲੋੜ ਹੈ, ਤਾਂ ਜੋ ਉਨ੍ਹਾਂ ਦਾ ਆਰਥਿਕ ਨੁਕਸਾਨ ਨਾ ਹੋ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਆਤਮਾ ਅਧੀਨ ਮਿੱਟੀ-ਪਾਣੀ ਸਬੰਧੀ ਜਾਗਰੂਕਤਾ ਮੁਹਿੰਮ ਦਾ ਇਹ ਪਹਿਲਾ ਪੜਾਅ ਹੈ, ਜਿਸ ਤਹਿਤ ਸੰਗਤ ਬਲਾਕ ਦੇ ਪਿੰਡ ਗੁਰੂਸਰ ਸੈਣੇਵਾਲਾ ਅਤੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਵਿਚ ਉਕਤ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਵਿੱਢੀ ਮੁਹਿੰਮ ਵਿਚ ਡਿਪਟੀ ਪ੍ਰੋਜੈਕਟ ਡਾਇਰੈਕਟਰ, ਸ਼੍ਰੀ ਨਰਿੰਦਰ ਸਿੰਘ ਗੋਧਾਰਾ ਅਤੇ ਸ਼੍ਰੀ ਰਾਜ ਸਰੂਪ ਸਿੰਘ ਗਿੱਲ ਹੇਠ ਪਿੰਡ ਦੇ ਰਕਬੇ ਨੂੰ ਵੱਖ-ਵੱਖ ਬਲਾਕਾਂ ਵਿਚ ਵੰਡ ਕੇ ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਵੱਖ-ਵੱਖ ਟੀਮਾਂ ਕਿਸਾਨਾਂ ਦੇ ਸਹਿਯੋਗ ਨਾਲ ਖੇਤਾਂ ਵਿਚ ਜਾ ਕੇ ਮਿੱਟੀ ਅਤੇ ਪਾਣੀ ਦੇ ਸੈਂਪਲ ਲੈ ਸਕਣ। ਉਨ੍ਹਾਂ ਕਿਹਾ ਕਿ ਮਿੱਟੀ ਅਤੇ ਪਾਣੀ ਦੀ ਪਰਖ ਸਬੰਧੀ ਸੈਂਪਲ ਲੈਣ ਤੋਂ ਪਹਿਲਾਂ ਮਾਹਰਾਂ ਵਲੋਂ ਟੀਮਾਂ ਨੂੰ ਮਿੱਟੀ-ਪਾਣੀ ਦੇ ਸੈਂਪਲ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ।
Punjab Post Daily Online Newspaper & Print Media