ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਇੱਕ ਕਰਾਂਗਾ – ਬਿੱਟੂ
ਬਟਾਲਾ, 10 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੇ ਕੌਂਸਲਰ ਬਲਬੀਰ ਸਿੰਘ ਬਿੱਟੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਲਬੀਰ ਸਿੰਘ ਬਿੱਟੂ ਨੂੰ ਇਸ ਆਹੁਦੇਦਾਰੀ ਦਾ ਨਿਯੁਕਤੀ ਪੱਤਰ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਭਾਸ਼ ਓਹਰੀ ਨੇ ਦਿੱਤਾ। ਸ. ਲੋਧੀਨੰਗਲ ਨੇ ਕਿਹਾ ਕਿ ਬਲਬੀਰ ਸਿੰਘ ਬਿੱਟੂ ਦੀ ਇਹ ਨਿਯੁਕਤੀ ਉਸ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਅਤੇ ਪਾਰਟੀ ਨੂੰ ਮਜਬੂਤ ਕਰਨ ਦੇ ਇਵਜ ਵਜੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਸ. ਬਲਬੀਰ ਸਿੰਘ ਬਿੱਟੂ ਤੋਂ ਪਾਰਟੀ ਨੂੰ ਬਹੁਤ ਵੱਡੀਆਂ ਆਸਾਂ ਹਨ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਭਵਿੱਖ ਵਿੱਚ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵਰਕਰ ਪਾਰਟੀ ਨੂੰ ਸਮਰਪਤ ਹਨ ਉਨ੍ਹਾਂ ਦਾ ਪਾਰਟੀ ‘ਚ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ।
ਪਾਰਟੀ ਵੱਲੋਂ ਮਿਲੀ ਇਸ ਨਵੀਂ ਜਿੰਮੇਵਾਰੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਸ. ਪਰਕਾਸ਼ ਸਿੰਘ ਬਾਦਲ, ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ. ਲਖਬੀਰ ਸਿੰਘ ਲੋਧੀਨੰਗਲ ਦਾ ਧੰਨਵਾਦ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਨਿਸ਼ਠਾ ਤੇ ਤਨਦੇਹੀ ਨਾਲ ਨਿਬਾਉਣਗੇ। ਉਨ੍ਹਾਂ ਕਿਹਾ ਕਿ ਉਹ ਬਟਾਲਾ ਸਰਕਲ ਵਿੱਚ ਅਕਾਲੀ ਦਲ ਲਈ ਦਿਨ ਰਾਤ ਕੰਮ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਹੇਠਲੇ ਪੱਧਰ ਤੱਕ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਆਪਣੇ ਸਮੱਰਥਕਾਂ ਦਾ ਵੀ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਹੈ।
ਇਸ ਮੌਕੇ ਕਰਨਦੀਪ ਸਿੰਘ ਸੋਹਲ ਮੀਡੀਆ ਇੰਚਾਰਜ ਅਕਾਲੀ ਦਲ ਬਟਾਲਾ ਸਰਕਲ, ਕੁਲਦੀਪ ਸਿੰਘ ਭੁਟੋ, ਹਰਨੇਕ ਸਿੰਘ ਨੇਕੀ, ਪੰਕਜ ਭੱਟੀ, ਸੁਨੀਲ ਭੱਟੀ, ਬਲਵਿੰਦਰ ਸਿੰਘ ਚੱਠਾ, ਪਰਮਜੀਤ ਸਿੰਘ ਪੰਮਾ, ਕਰਮਜੀਤ ਸਿੰਘ ਰਿੰਟਾ, ਮਨਰਾਜ ਬੋਪਾਰਾਏ, ਰਾਜ ਕੁਮਾਰ, ਲਾਡਾ ਬਾਜਵਾ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।
Punjab Post Daily Online Newspaper & Print Media
