
ਬਟਾਲਾ, 10 ਜੂਨ (ਨਰਿੰਦਰ ਸਿੰਘ ਬਰਨਾਲ) – ਅਕਾਲੀ-ਭਾਜਪਾ ਗਠਜੋੜ ਨੇ ਜਦੋਂ-ਜਦੋਂ ਵੀ ਸੂਬਾ ਸਰਕਾਰ ਦੀ ਵਾਗਡੋਰ ਸੰਭਾਲੀ ਹੈ ਤਾਂ ਉਸਨੇ ਹਰ ਵਰਗ ਲਈ ਭਲਾਈ ਯੋਜਨਾਵਾਂ ਸ਼ੁਰੂ ਕਰਕੇ ਰਾਜ ਦੀ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ, ਜਦਕਿ ਇਸਦੇ ਮੁਕਾਬਲੇ ਕਾਂਗਰਸ ਪਾਰਟੀ ਜਦੋਂ ਵੀ ਸੱਤਾ ਵਿੱਚ ਆਈ ਹੈ ਤਾਂ ਉਸਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਯੋਜਨਾਵਾਂ ਨੂੰ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਨੂੰ ਸਮਰਪਤ ਹੈ ਜਦਕਿ ਕਾਂਗਰਸ ਦੀਆਂ ਸਰਕਾਰਾਂ ਤੋਂ ਪੰਜਾਬ ਦੇ ਭਲੇ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਇਸ ਗੱਲ ਨੂੰ ਕਦੀ ਨਹੀਂ ਭੁੱਲ ਸਕਦੇ ਕਿ ਕਾਂਗਰਸ ਸਰਕਾਰ ਨੇ ਹੀ ਅਕਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਸਹੂਲਤ ਨੂੰ ਬੰਦ ਕਰਕੇ ਭਾਰੀ ਬਿੱਲ ਲਗਾਏ ਸਨ। ਸ. ਕਾਹਲੋਂ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਉਸ ਵੇਲੇ ਦੀ ਕਾਂਗਰਸ ਸਰਕਾਰ ਪੈਨਸ਼ਨ ਯੋਜਨਾਵਾਂ, ਸ਼ਗਨ ਸਕੀਮ ਸਮੇਤ ਹੋਰ ਵੀ ਗਰੀਬ ਪੱਖੀ ਯੋਜਨਾਵਾਂ ਨੂੰ ਬੰਦ ਕਰਨ ਦੇ ਨਾਲ ਸਰਕਾਰੀ ਵਿਭਾਗਾਂ ਵਿੱਚ ਭਰਤੀ ‘ਤੇ ਵੀ ਰੋਕ ਲਗਾ ਦਿੱਤੀ ਸੀ।
ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਬਾਦਲ ਸਰਕਾਰ ਕਿਸਾਨਾਂ, ਗਰੀਬਾਂ ਤੇ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਹੀ ਕਾਰਨ ਹੈ ਕਿ ਸੂਬੇ ਦੇ ਲੋਕਾਂ ਨੇ ਗਠਜੋੜ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਚੱਲ ਰਹੀ ਸਸਤਾ ਆਟਾ-ਦਾਲ ਯੋਜਨਾ ਨੇ ਲੱਖਾਂ ਗਰੀਬਾਂ ਦੇ ਢਿੱਡ ਭਰੇ ਹਨ ਅਤੇ ਪੈਨਸ਼ਨ ਯੋਜਨਾ, ਸ਼ਗਨ ਸਕੀਮ, ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ, ਸਮੇਤ ਕਈ ਲੋਕ ਪੱਖੀ ਨੀਤੀਆਂ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਰ ਵਰਗ, ਜਾਤ ਤੇ ਧਰਮ ਦਾ ਖਿਆਲ ਰੱਖਿਆ ਹੈ ਅਤੇ ਸਭ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਰਾਜ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਹਨ। ਉਸਾਰੀ ਕਿਰਤੀਆਂ ਲਈ ਬੋਰਡ ਦਾ ਗਠਨ ਕਰਕੇ ਉਨ੍ਹਾਂ ਦੀ ਸਾਰ ਵੀ ਲਈ ਗਈ ਹੈ ਅਤੇ ਕਿਰਤੀਆਂ ਲਈ ਬੀਮਾਂ ਯੋਜਨਾ, ਸ਼ਗਨ ਸਕੀਮ ਸਮੇਤ ਹੋਰ ਵੀ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਸ. ਕਾਹਲੋਂ ਨੇ ਕਿਹਾ ਕਿ ਅਕਾਲੀ ਦਲ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਿਆਂ ਕੀਤਾ ਹੈ ਅਤੇ ਇਸ ਸਮੇਂ ਸੂਬੇ ਦੇ ਹਰ ਪਿੰਡ, ਸ਼ਹਿਰ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਵਿਸ਼ਵ ਪੱਧਰ ਦਾ ਸੜਕੀ ਢਾਂਚਾ ਤਿਆਰ ਕੀਤਾ ਗਿਆ ਹੈ, ਹਰ ਪਿੰਡ ਵਿੱਚ ਜਲ-ਸਪਲਾਈ, 24 ਘੰਟੇ ਬਿਜਲੀ ਸਹੂਲਤ ਦੇਣ ਦੇ ਨਾਲ ਰਾਜ ਵਿੱਚ ਸੇਵਾ ਅਧਿਕਾਰ ਕਾਨੂੰਨ ਲਾਗੂ ਕਰਕੇ ਲੋਕਾਂ ਦੀ ਖੱਜਲ-ਖੁਆਰੀ ਦੂਰ ਕੀਤੀ ਗਈ ਹੈ। ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਲੋਕ ਸੂਬਾ ਸਰਕਾਰ ਦੇ ਕੰਮ ਤੋਂ ਸੁਤੰਸ਼ਟ ਹਨ ਅਤੇ 2017 ‘ਚ ਵੀ ਸੂਬੇ ਦੀ ਜਨਤਾ ਅਕਾਲੀ ਦਲ ਨੂੰ ਰਾਜ ਦੀ ਸੇਵਾ ਕਰਨ ਦਾ ਮੌਕਾ ਦੇਵੇਗੀ।
Punjab Post Daily Online Newspaper & Print Media