ਆਪ ਦੇ ਆਗੂਆਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ‘ਚ ਸੰਗਤਾਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ

ਅੰਮ੍ਰਿਤਸਰ, 16 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਦਿੱਲੀ ਹਾਈ ਸਕਿਓਰਟੀ ਜੇਲ੍ਹ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸ੍ਰੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਬਾਪੂ ਸੂਰਤ ਸਿੰਘ ਖਾਲਸਾ ਵਧਾਈ ਦੇ ਮੁੱਖ ਪਾਤਰ ਹਨ, ਜਿਨ੍ਹਾਂ ਦੀ ਸਖਤ ਮਿਹਨਤ ਅਤੇ ਉਪਰਾਲਿਆਂ ਸਦਕਾ ਅਣਮਨੁੱਖੀ ਤਸ਼ੱਦਦ ਕਾਰਨ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਪ੍ਰੋ. ਭੁੱਲਰ ਦੀ ਫਾਂਸੀ ‘ਤੇ ਰੋਕ ਲਗਾ ਕੇ ਦਿੱਲੀ ਤੋਂ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੇ ਵੱਖ ਵੱਖ ਆਗੂਆਂ ਨੇ ਗੱਲਬਾਤ ਕਰਦਿਆਂ ਕੀਤਾ।
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਪ ਦੇ ਇੰਚਾਰਜ ਸੁਖਬੀਰ ਸਿੰਘ ਵਲਟੋਹਾ, ਰਜਿੰਦਰ ਸਿੰਘ ਯੋਧਾ, ਬਖਸ਼ੀਸ਼ ਸਿੰਘ, ਦਿਲਬਾਗ ਸਿੰਘ ਕਾਲੇ, ਬਲਜੀਤ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੋਟਾਂ ਸਮੇਂ ਜੋ ਸਿੱਖਾਂ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ।ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਆਪਣੀਆਂ ਜਾਇਜ਼ ਮੰਗਾਂ ਲਈ ਸਾਂਝੇ ਕੌਮੀ ਮਸਲੇ ਨੂੰ ਲੈ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ, ਪਰ ਪੰਜਾਬ ਦੀ ਪੰਥਕ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਬਜਾਏ ਬਾਪੂ ਖਾਲਸਾ ਨੂੰ ਜ਼ਬਰੀ ਚੁੱਕ ਕੇ ਭੁੱਖ ਹੜਤਾਲ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰੰਤੂ ਬਾਪੂ ਸੂਰਤ ਸਿੰਘ ਖਾਲਸਾ ਕੌਮ ਦੇ ਮਸਲੇ ਹੱਲ ਕਰਵਾਉਣ ਲਈ ਦ੍ਰਿੜ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਸਮੁੱਚੀ ਕੌਮ ਬਾਪੂ ਸੂਰਤ ਸਿੰਘ ਖਾਲਸਾ ਦਾ ਸਾਥ ਦੇਵੇ ਤਾਂ ਸੰਗਤਾਂ ਦੇ ਸੰਘਰਸ਼ ਅੱਗੇ ਜਲਦੀ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਨੂੰ ਮਜ਼ਬੂਰ ਹੋਣਾ ਪਵੇਗਾ।
Punjab Post Daily Online Newspaper & Print Media