ਅੰਮ੍ਰਿਤਸਰ, 22 ਜੂਨ (ਚਰਨਜੀਤ ਸਿੰਘ ਛੀਨਾ) ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਕ ਵਿਸ਼ੇਸ਼ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ, ਜੋ ਕਿ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਪਰਮਜੀਤ ਸਿੰਘ, ਡੀਨ, ਵਿਦਿਅਕ ਮਾਮਲੇ ਅਤੇ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਤੋਂ ਇਲਾਵਾ ਯੂਨੀਵਰਸਿਟੀ ਦੇ 300 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਕੈਂਪ ਯੋਗ ਮਾਹਿਰ ਕੁਲਦੀਪ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਪ੍ਰੋ. ਬਰਾੜ ਨੇ ਇਸ ਮੌਕੇ ਕਿਹਾ ਕਿ ਯੋਗ ਸਾਡੀ ਭਾਰਤੀ ਪਰੰਪਰਾ ਦਾ ਅਮੀਰ ਹਿੱਸਾ ਹੈ ਅਤੇ ਅਜੋਕੇ ਭੱਜ ਦੌੜ ਦੇ ਮਾਹੌਲ ਤੋਂ ਸਾਨੂੰ ਤਣਾਅਮੁਕਤ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਨਾਲ ਸਾਡੇ ਸਰੀਰ ਦੀ ਨਿਰੋਗਤਾ ਦੇ ਨਾਲ-ਨਾਲ ਸਾਡੀ ਆਤਮਾ ਵੀ ਨਿਰਮਲ ਹੁੰਦੀ ਹੈ ਅਤੇ ਕਾਰਜ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ।
ਇਸ ਕੈਂਪ ਦਾ ਪ੍ਰਬੰਧ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਖੇਡ ਮੈਦਾਨ ਵਿਚ ਕਰਵਾਇਆ ਗਿਆ। ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ (ਖੇਡਾਂ) ਨੇ ਕਿਹਾ ਕਿ ਪ੍ਹੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਯੋਗਾ ਨੂੰ ਵੀ ਅਪਨਾਉਣਾ ਚਾਹੀਦਾ ਹੈ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media