
ਕੱਥੂਨੰਗਲ, 24 ਜੂਨ (ਪ.ਪ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਵਲੋਂ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਦਾ ਕੱਥੂਨੰਗਲ ਟੋਲ ਪਲਾਜ਼ਾ ਕਰੀਬ ਢਾਈ ਘੰਟੇ ਬੰਦ ਕਰਕੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਜੋਰਦਾਰ ਅਵਾਜ ਬੁਲੰਦ ਕੀਤੀ ਗਈ ਅਤੇ ਪੱਤਰਕਾਰਾਂ ਨੇ ਪੰਜਾਬ ਸਰਕਾਰ ਤੇ ਟੋਲ ਪਲਾਜ਼ਾ ਕੰਪਨੀ ਨੂੰ ਪਾਣੀ ਪੀ ਪੀ ਕੇ ਕੋਸਿਆ।
ਕੱਥੂਨੰਗਲ ਟੋਲ ਪਲਾਜ਼ਾ ਵਿਖੇ ਐਸੋਸ਼ੀਏਸ਼ਨ ਦੇ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਨਾਲ ਸਬੰਧਤ ਵੱਡੀ ਗਿਣਤੀ ‘ਚ ਪੱਤਰਕਾਰਾਂ ਨੇ ਇਕੱਠੇ ਹੋ ਕੇ ਰੋਸ ਮੁਜਾਹਰਾ ਕੀਤਾ ਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਸਰਕਾਰ ਤੋ ਮੰਗ ਕੀਤੀ ਕਿ ਪੱਤਰਕਾਰਾਂ ਨੂੰ ਟੋਲ ਪਲਾਜ਼ਾ ਤੋਂ ਛੋਟ ਦਿੱਤੀ ਜਾਵੇ। ਪੱਤਰਕਾਰਾਂ ਤੋ ਇਲਾਵਾ ਇਸ ਧਰਨੇ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਜਥੇਬੰਦੀਆ ਦੇ ਵਰਕਰ, ਈ.ਟੀ.ਟੀ ਯੂਨੀਅਨ ਤੇ ਟੀਚਰ ਯੂਨੀਅਨ ਦੇ ਆਗੂ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ ਲਈ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਧਰਨੇ ਦੀ ਅਗਵਾਈ ਕਰਦਿਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਇੱਕ ਉਹ ਅੰਗ ਹਨ ਜਿਹੜਾ ਸਰਕਾਰ ਤੇ ਸਮਾਜ ਵਿੱਚ ਕੜੀ ਦਾ ਕੰਮ ਕਰਦਾ ਹੈ, ਪ੍ਰੰਤੂ ਸਰਕਾਰ ਵੱਲੋ ਇਸ ਨੂੰ ਅੱੱਖੋ ਪਰੋਖੇ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਟੋਲ ਪਲਾਜ਼ਾ ਲੋਕਾਂ ਨੂੰ ਲੁੱਟਣ ਦਾ ਇੱਕ ਸੋਮਾ ਹੈ ਜਿਸ ਨੂੰ ਬੰਦ ਕਰਨ ਲਈ ਅੱਜ ਸੰਘਰਸ਼ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸ਼ੰਘਰਸ਼ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਪਾਕਿਸਤਾਨ ਦੀ ਹਾਰਟ ਲਾਈਨ ਵਜੋ ਜਾਣੇ ਸ਼ਹਿਰ ਲਾਹੌਰ ਵਿੱਚ ਜਾ ਕੇ ਹੀਰਾ ਮੰਡੀ ਦੇ ਨਾਲ ਲੱਗਦੀ ਫੂਡ ਸਟਰੀਟ ਵਿੱਚ ਚਾਟ ਤੇ ਗੋਲ ਗੱਪੇ ਤਾਂ ਖਾ ਆਏ ਹਨ, ਪਰ ਇਹਨਾਂ ਨੇ ਪਾਕਿਸਤਾਨ ਦੀ ਉਹ ਮੋਟਰਵੇਅ ਸੜਕ ਨਹੀ ਵੇਖੀ ਜਿਹੜੀ ਲਾਹੌਰ ਤੇ ਕਰਾਚੀ ਤੱਕ 1300 ਮੀਲ ਦੀ 16 ਲੇਨ ਦੀ ਸੜਕ ਹੈ। ਜਿਸ ਦੇ ਉਪਰ ਕੋਈ ਵੀ ਟੋਲ ਪਲਾਜ਼ਾ ਨਹੀ ਹੈ ਅਤੇ ਲਾਈਟ ਵਹੀਕਲ 120 ਤੇ ਹੈਵੀ ਵਹੀਕਲ 100 ਕਿਲੋਮੀਟਰ ਦੀ ਰਫਤਾਰ ਨਾਲ ਅਸਾਨੀ ਨਾਲ ਚਲਾਉਣ ਦੀ ਇਜ਼ਾਜ਼ਤ ਹੈ।ਉਹਨਾਂ ਕਿਹਾ ਕਿ ਜੇਕਰ ਇਹਨਾਂ ਆਗੂਆ ਨੇ ਇਹ ਰੋਡ ਵੇਖੀ ਹੁੰਦੀ ਤਾਂ ਉਹ ਜਰੂਰ ਟੋਲ ਪਲਾਜ਼ੇ ਹਟਾਉਣ ਲਈ ਕਦਮ ਚੁੱਕਦੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋ ਪਠਾਨਕੋਟ ਤੱਕ ਕਰੀਬ 100 ਕਿਲੋਮੀਟਰ ਦਾ ਫਾਸਲਾ ਤੇ ਇਸ ਰੋਡ ‘ਤੇ ਦੋ ਟੋਲ ਪਲਾਜ਼ੇ ਬਣਾਏ ਗਏ ਹਨ ਅਤੇ ਇੱਕ ਟੋਲ ਦੀ ਹਰ ਰੋਜ਼ ਦੀ ਆਮਦਨ ਕਰੀਬ 86 ਲੱਖ ਰੁਪਏ ਦੀ ਹੈ ਜੋ ਪੰਜਾਬ ਦੇ ਲੋਕਾਂ ਦੀ ਵੱਡੀ ਲੁੱਟ ਹੈ।
ਉਹਨਾਂ ਕਿਹਾ ਕਿ ਪੱਤਰਕਾਰ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਾਂਗ ਹੀ ਲੋਕ ਸੇਵਾ ਕਰਦੇ ਹਨ, ਜਿਸ ਦੇ ਮੁਕਾਬਲੇ ਇਹਨਾਂ ਨੂੰ ਕੁੱਝ ਵੀ ਪਿੱੜ ਪੱਲੇ ਨਹੀ ਪੈਂਦਾ ਪਰ ਵਿਧਾਇਕਾਂ ਤੇ ਸੰਸਦਾ ਨੂੰ ਪੂਰੀ ਤਰਾ ਟੋਲ ਵੀ ਮੁਆਫ ਹਨ ਤੇ ਤਨਖਾਹਾਂ ਵੀ ਮੋਟੇ ਰੂਪ ਵਿੱਚ ਮਿਲਦੀਆਂ ਹਨ ਤੇ ਭੱਤੇ ਵੱਖਰੇ । ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਜੇਕਰ ਟੋਲ ਮੁਆਫ ਨਾ ਕੀਤਾ ਗਿਆ ਤਾਂ ਅਗਲੇ ਮਹੀਨੇ ਕੋਈ ਵੱਡਾ ਐਕਸ਼ਨ ਕੀਤਾ ਜਾਵੇਗਾ, ਜਿਸ ਤੋ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਤੇ ਟੋਲ ਪਲਾਜ਼ਾ ਕੰਪਨੀ ਜਿੰਮੇਵਾਰ ਹੋਵੇਗੀ।
ਇਸੇ ਤਰਾਂ ਜੰਡਿਆਲਾ ਗੁਰੂ ਤੋਂ ਪੱਤਰਕਾਰ ਤੇ ਯੂਨੀਅਨ ਦੇ ਪ੍ਰਧਾਨ, ਗੁਰਪ੍ਰੀਤ ਸਿੰਘ ਮੱਤੇਵਾਲ ਤੇ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੱਤਰਕਾਰ ਸੜਕਾਂ ਤੇ ਬੈਠੇ ਚੰਗੇ ਨਹੀ ਲੱਗਦੇ ਪਰ ਜਿਸ ਤਰੀਕੇ ਨਾਲ ਪੱਤਰਕਾਰਾਂ ਦਾ ਅੱਜ ਸਰਕਾਰ ਵੱਲੋ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹ ਵਰਤਾਰਾ ਮੰਦਭਾਗਾ ਹੈ। ਜਗਜੀਤ ਸਿੰਘ ਜੱਗਾ ਨੇ ਕਿਹਾ ਕਿ ਜੇਕਰ ਹਾਲੇ ਵੀ ਸਰਕਾਰ ਤੇ ਟੋਲ ਪਲਾਜਾ ਵਾਲਿਆ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਪੱਤਰਕਾਰ ਸਰਕਾਰ ਦਾ ਵੀ ਘਿਰਾਉ ਕਰਨ ਤੋ ਗੁਰੇਜ ਨਹੀ ਕਰਨਗੇ। ਗੁਰਪ੍ਰੀਤ ਸਿੰਘ ਅਜਨਾਲਾ ਨੇ ਕਿਹਾ ਕਿ ਅਗਲੇ ਮਹੀਨੇ ਦੀ 24 ਤਰੀਕ ਨੂੰ ਇੱਕ ਹੋਰ ਧਮਾਕਾ ਕੀਤਾ ਜਾਵੇਗਾ ਤੇ ਇਸ ਤੋ ਪਹਿਲਾਂ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਵੀ ਧਰਨਾ ਦਿੱਤਾ ਜਾਵੇਗਾ। ਪਲਵਿੰਦਰ ਸਿੰਘ ਸਾਰੰਗਲ ਨੇ ਕਿਹਾ ਕਿ ਅੱਜ ਸਰਕਾਰ ਦੀਆ ਨੀਤੀਆ ਤੋ ਹਰ ਵਰਗ ਦੁੱਖੀ ਹੈ ਤੇ ਸਟੇਜ ਸੈਕਟਰੀ ਦੀ ਭੂਮਿਕਾ ਜਗਤਾਰ ਸਿੰਘ ਸਹਿਮੀ ਨੇ ਨਿਭਾਈ।
ਇਸ ਧਰਨੇ ਨੂੰ ਜੰਡਿਆਲਾ ਗੁਰੂ ਤੋਂ ਪੱਤਰਕਾਰ ਤੇ ਯੂਨੀਅਨ ਦੇ ਪ੍ਰਧਾਨ, ਗੁਰਪ੍ਰੀਤ ਸਿੰਘ ਮੱਤੇਵਾਲ, ਸੁਖਚੈਨ ਸਿੰਘ ਜੰਡਿਆਲਾ ਗੁਰੂ, ਬਲਬੀਰ ਸਿੰਘ ਘੁੰਮਣ ਵਡਾਲਾ ਬਾਂਗਰ, ਸਤਬੀਰ ਸਿੰਘ ਘੁੰਮਣ ਨੁਸ਼ਿਹਰਾ ਮੱਝਾ ਸਿੰਘ, ਹੀਰਾ ਸਿੰਘ ਮਾਂਗਟ ਡੇਰਾ ਬਾਬਾ ਨਾਨਕ, ਇਕਬਾਲ ਸਿੰਘ ਕਲਾਨੌਰ, ਹਰਮਿੰਦਰ ਸਿੰਘ ਸੰਧੂ ਅਲੀਵਾਲ, ਹਰਜਿੰਦਰ ਸਿੰਘ ਖਹਿਰਾ ਫਤਹਿਗੜ ਚੂੜੀਆ, ਡਾ. ਦੀਦਾਰ ਸਿੰਘ ਨਾਗ ਕਲਾਂ, ਰਾਕੇਸ਼ ਕੁਮਾਰ ਬਾਬਾ ਬਕਾਲਾ, ਅਮਨਦੀਪ ਸਿੰਘ ਸੈਂਡੀ ਬਟਾਲਾ, ਬਲਵਿੰਦਰ ਕੁਮਾਰ ਭੱਲਾ ਬਟਾਲਾ, ਸਤਨਾਮ ਸਿੰਘ ਜੱਜ ਮਹਿਤਾ, ਫੁੱਲਜੀਤ ਸਿੰਘ ਵਰਪਾਲ ਤੇ ਹਰਬੰਸ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ।ਮੁਖਵਿੰਦਰ ਸਿੰਘ ਗੁਰਦਾਸਪੁਰ ਤੇ ਅਸ਼ਵਨੀ ਕੁਮਾਰ ਮਜੀਠੀਆ ਨੇ ਜ਼ੋਰਦਾਰ ਨਾਅਰੇ ਲਗਾ ਕੇ ਮਾਹੌਲ ਨੂੰ ਕਾਫੀ ਗਰਮ ਬਣਾਈ ਰੱਖਿਆ। ਜਸਬੀਰ ਸਿੰਘ ਖਾਸਾ, ਭਪਿੰਦਰ ਸਿੰਘ ਕੱਥੂਨੰਗਲ, ਸੁਨੀਲ ਦੇਵਗਨ ਆਦਿ ਨੇ ਸਾਰੇ ਪ੍ਰਬੰਧ ਕੀਤੇ ਅਤੇ ਬਲਜੀਤ ਸਿੰਘ ਜੈਤੀਪੁਰ ਨੇ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਅਖੀਰ ਵਿੱਚ ਐਸੋਸ਼ੀਏਸ਼ਨ ਵੱਲੋ ਨਾਇਬ ਤਹਿਸੀਲਦਾਰ ਸ੍ਰੀ ਛਿੱਬਰ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ ਇਸ ਸਮੇਂ ਗੁਰਨਾਮ ਸਿੰਘ ਬੁੱਟਰ, ਲਖਬੀਰ ਸਿੰਘ, ਗੁਰਮੀਤ ਸਿੰਘ ਸੂਰੀ , ਨਿਰਮਲ ਸਿੰਘ ਚੌਹਾਨ, ਸਤਨਾਮ ਮੂਧਲ, ਵਿਜੇ ਪੰਕਜ਼ ਵੀ ਹਾਜ਼ਰ ਸਨ।
Punjab Post Daily Online Newspaper & Print Media
