ਯੋਗਾ ਨੂੰ ਸਰੀਰਿਕ ਸਿੱਖਿਆ ਦੇ ਸਿਲੇਬਸ ਵਿੱਚ ਸ਼ਾਮਿਲ ਕਰਨ ‘ਤੇ ਦਿੱਤਾ ਜ਼ੋਰ – ਪ੍ਰੋ: ਪਾਂਡਾ
ਅੰਮ੍ਰਿਤਸਰ, 27 ਜੂਨ (ਪ੍ਰੀਤਮ ਸਿੰਘ ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੱਜ ਨੈਸ਼ਨਲ ਕੌਂਸਲ ਫ਼ਾਰ ਟੀਚਰ ਐਜੂਕੇਸ਼ਨ ਦੇ ਸਹਿਯੋਗ ਨਾਲ ਨਵੇਂ ਨਿਯਮਾਂ ਅਨੁਸਾਰ ਸਰੀਰਿਕ ਸਿੱਖਿਆ ਅਧਿਆਪਨ ਦੇ ਨਵੇਂ ਪਾਠ-ਕ੍ਰਮ ਸਬੰਧੀ 3 ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ। ਜਿਸਦਾ ਉਦਘਾਟਨ ਡਾ. ਜਸਪਾਲ ਸਿੰਘ ਸੰਧੂ ਸੈਕ੍ਰੇਟਰੀ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲਕੇ ਕੀਤਾ।
ਵਰਕਸ਼ਾਪ ਦੌਰਾਨ ਆਪਣੇ ਕੁੰਜ਼ੀਵਤ ਭਾਸ਼ਣ ਵਿੱਚ ਨੈਸ਼ਨਲ ਕੌਂਸਲ ਫ਼ਾਰ ਟੀਚਰ ਐਜੂਕੇਸ਼ਨ ਦੇ ਚੇਅਰਮੈਨ ਪ੍ਰੋ: ਸੰਤੋਸ਼ ਪਾਂਡਾ ਨੇ ਕਿਹਾ ਕਿ ਅੱਜ ਯੋਗਾ ਦਾ ਯੁੱਗ ਹੈ ਅਤੇ ਇਸ ਨੂੰ ਸਰੀਰਿਕ ਸਿੱਖਿਆ ਦੇ ਬੈਚਲਰ ਅਤੇ ਮਾਸਟਰ ਡਿਗਰੀ ਦੇ ਸਿਲੇਬਸ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਦਲਦੀਆਂ ਵਿੱਦਿਅਕ ਮੰਗਾਂ ਦੇ ਮੱਦੇਨਜ਼ਰ ਸਰੀਰਿਕ ਸਿੱਖਿਆ ਦੇ ਅਧਿਆਪਨ ਵਿੱਚ ਵੀ ਬਹੁਪੱਖੀ ਤਬਦੀਲੀ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਰੀਰਿਕ ਸਿੱਖਿਆ ਦਾ ਮੰਤਵ ਚੰਗੇ ਖਿਡਾਰੀ ਪੈਦਾ ਕਰਨ ਤੋਂ ਇਲਾਵਾ, ਚੰਗੇ ਕੋਚ, ਖਿਡਾਰੀਆਂ ਦੀ ਸਿਹਤ ਅਤੇ ਖੇਡਾਂ ਦੌਰਾਨ ਹੋਣ ਵਾਲੇ ਹਾਦਸਿਆਂ ਤੋਂ ਉਭਰਾਣ ਲਈ ਉਨ੍ਹਾਂ ਵਿੱਚ ਸ਼ਕਤੀ ਪੈਦਾ ਕਰਨਾ ਵੀ ਹੋਣਾ ਚਾਹੀਦਾ ਹੈ।
ਇਸੇ ਦੌਰਾਨ ਡਾ. ਸੰਧੂ ਨੇ ‘ਸਪੋਰਟਸ ਮੈਡੀਸਨ’ ਨੂੰ ਸਰੀਰਿਕ ਸਿੱਖਿਆ ਅਧਿਆਪਨ ਦੇ ਸਿਲੇਬਸ ਵਿੱਚ ਖਾਸ ਸਥਾਨ ਦਿਵਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਰੱਖਦੀਆਂ ਹਨ ਅਤੇ ਖਿਡਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਸਰੀਰਿਕ ਸਿੱਖਿਆ ਮੁੱਖ ਮਨੋਰਥ ਹੋਣਾ ਚਾਹੀਦਾ ਹੈ। ਸ: ਛੀਨਾ ਨੇ ਵਰਕਸ਼ਾਪ ਦੀ ਪ੍ਰਧਾਨਗੀ ਕਰਦੇ ਹੋਏੇ ਆਪਣੇ ਭਾਸ਼ਣ ਵਿੱਚ ਅਧਿਆਪਨ ਸਿਖਲਾਈ ਅਤੇ ਸਰੀਰਿਕ ਸਿੱਖਿਆ ਅਧਿਆਪਨ ਸਿਖਲਾਈ ਦੇ ਨਵੇਂ ਮਾਡਲ ਸਿਲੇਬਸ ਨੂੰ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼.ੋਰ ਦਿੱਤਾ। ਉਨ੍ਹਾਂ ਨੇ ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ‘ਤੇ ਵੀ ਚਿੰਤਾ ਜਾਹਿਰ ਕਰਦਿਆਂ ਐੱਨ. ਸੀ. ਟੀ. ਈ. ਨੂੰ ਸਖ਼ਤ ਕਾਨੂੰਨ ਲਾਗੂ ਕਰਨ ਲਈ ਕਿਹਾ।
ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਪ੍ਰੋ: ਪਾਂਡਾ, ਡਾ. ਸੰਧੂ ਅਤੇ ਸ: ਛੀਨਾ ਤੋਂ ਇਲਾਵਾ ਆਏ ਹੋਏ ਉੱਚ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਦਾ ਕਾਲਜ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਐੱਨ. ਸੀ. ਟੀ. ਈ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਇਸ ਇਤਿਹਾਸਕ ਕਾਲਜ ਨੂੰ ਰਾਸ਼ਟਰੀ ਵਰਕਸ਼ਾਪ ਲਈ ਚੁਣਿਆ ਗਿਆ। ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਡੀਨ ਡਾ. ਕੰਵਲਜੀਤ ਸਿੰਘ ਨੇ ਐੱਨ. ਸੀ. ਟੀ. ਈ. ਦੇ ਨਿਯਮ 2014 ਬਾਰੇ ਭਰਪੂਰ ਜਾਣਕਾਰੀ ਆਏ ਹੋਏ ਮਾਹਿਰਾਂ ਅਤੇ ਵਫਦਾਂ ਨਾਲ ਸਾਂਝੀ ਕੀਤੀ। ਇਸ ਮੌਕੇ ਡਾ. ਅਨਿਲ ਸ਼ੁਕਲਾ, ਡਿਪਟੀ ਸੈਕ੍ਰੇਟਰੀ, ਐੱਨ. ਸੀ. ਟੀ. ਈ. ਨੇ ਅੰਤ ਵਿੱਚ ਸਾਰੇ ਪ੍ਰਤੀਨਿਧੀਆਂ ਅਤੇ ਉਚ ਅਧਿਕਾਰੀਆਂ ਦਾ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਪ੍ਰੋ: ਪਾਂਡਾ ਨੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਐੱਨ. ਸੀ. ਟੀ. ਈ. ਨਿਯਮ-2014 ਬਾਰੇ ਅਤੇ ਉਸ ਅਨੁਸਾਰ ਐੱਮ. ਪੀ. ਐੱਡ., ਬੀ. ਪੀ. ਐੱਡ. ਅਤੇ ਡੀ. ਪੀ. ਐੱਡ. ਨੂੰ ਸੈਸ਼ਨ 2015-16 ਤੋਂ ਇਕ ਤੋਂ 2 ਸਾਲ ਦੇ ਨਿਯਮ ਅਨੁਸਾਰ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵੇਂ ਪ੍ਰੋਗਰਾਮ ਜਿਵੇਂ ਕਿ 4 ਸਾਲਾਂ ਬੀ. ਏ., ਬੀ. ਐੱਸ. ਸੀ., ਬੀ. ਐੱਡ. ਅਤੇ 3 ਸਾਲਾਂ ਐੱਮ.ਏ., ਐੱਮ.ਐੱਡ. ਅਤੇ ਬੀ.ਐੱਡ. ਪਾਰਟ ਟਾਈਮ ਨੂੰ ਪੂਰੇ ਦੇਸ਼ ਵਿੱਚ ਸੈਸ਼ਨ 2016-17 ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ੍ਰੋਫੈਸਰ ਏ. ਐੱਮ. ਮੂਰਤੀ, ਵਾਈਸ ਚਾਂਸਲਰ (ਤਾਮਿਲਨਾਡੂ ਯੂਨੀਵਰਸਿਟੀ), ਪ੍ਰੋਫੈਸਰ ਜੀ. ਐੱਲ. ਖੰਨਾ, ਡੀਨ (ਮਾਨਵ ਰਚਨਾ ਇੰਟਰਨੈਸ਼ਨਲ ਯੂਨੀਵਰਸਿਟੀ) ਅਤੇ ਪ੍ਰੋਫੈਸਰ ਸੁਮਨ ਸ਼ਰਮਾ, ਡਾ. ਸੁਸ਼ਮਾ ਗਦਿਆਲ, ਡਾ. ਰਾਜੀਵ ਚੌਧਰੀ ਅਤੇ ਡਾ. ਜੀ. ਐੱਸ. ਕੰਗ, ਸ: ਨਿਰਮਲ ਸਿੰਘ, ਸ: ਅਜ਼ਮੇਰ ਸਿੰਘ ਹੇਰ ਨੇ ਸ਼ਿਰਕਤ ਕੀਤੀ।
Punjab Post Daily Online Newspaper & Print Media
