
ਹੁਸ਼ਿਆਰਪੁਰ, 6 ਜੁਲਾਈ (ਸਤਵਿੰਦਰ ਸਿੰਘ) – ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਵੱਲੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਸ਼ਨਾਖਤ ਕੀਤੇ ਅੰਗਹੀਣ / ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਅਤੇ ਸਹਾਇਕ ਯੰਤਰ ਉਪਲਬੱਧ ਕਰਾਉਣ ਲਈ 7 ਜੁਲਾਈ ਨੂੰ ਵਿੰਡਸਰ ਪੈਲਸ, ਟਾਂਡਾ ਰੋਡ, ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੰਚ ਉਪ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅੱਜ ਵਿੰਡਸਰ ਪੈਲਸ ਵਿਖੇ ਸਮਾਜਿਕ ਨਿਆਂ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੇ ਦੌਰੇ ਦੌਰਾਨ ਇਹ ਜਾਣਕਾਰੀ ਦਿੱਤੀ। ਇਸ ਮੌੇਕੇ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਸ੍ਰੀ ਸਾਂਪਲਾ ਦੇ ਨਾਲ ਸਨ। ਸ੍ਰੀ ਸਾਂਪਲਾ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਸ਼ਨਾਖਤ ਕੀਤੇ ਗਏ ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ੍ਹ ਚੇਅਰ, ਵਿਸਾਖੀਆਂ, ਬਨਾਵਟੀ ਅੰਗ, ਕੈਲੀਪਰ, ਕੰਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਨੇਤਰਹੀਣ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀਆਂ ਨੂੰ ਕਿੱਟਾ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਹੁਨਰੀ ਸਿਖਲਾਈ ਲੈਣ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਸਰਟੀਫਿਕੇਟ ਵੰਡੇ ਜਾਣਗੇ।
ਇਸ ਸਮਾਗਮ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਕੀਤੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਕੇਂਦਰੀ ਸਮਾਜਿਕ ਨਿਆਂ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ ਪਹਿਲਾਂ 6 ਜੁਲਾਈ ਨੂੰ ਹੋਣੀ ਸੀ ਪਰ ਹੁਣ 7 ਜੁਲਾਈ ਨੂੰ ਵਿੰਡਸਰ ਪੈਲਸ ਵਿੱਚ ਹੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਦੇ ਤਹਿਤ ਕੰਮ ਕਰਦੀ ਰਾਸ਼ਟਰੀ ਸਫਾਈ ਕਰਮਚਾਰੀ, ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਸ਼ਨਾਖਤ ਕੀਤੇ ਗਏ ਸਿਰ ਤੇ ਮੈਲਾ ਢੋਣ ਵਾਲੇ ਸਵੱਛਕਾਰਾਂ ਦੇ ਮੁੜ ਵਸੇਬੇ ਲਈ 40-40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵਰਕਸ਼ਾਪ ਲੰਘੇ ਮਾਰਚ ਮਹੀਨੇ ਵਿੱਚ ਜੇ.ਆਰ. ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ ਵਿਖੇ ਲਗਾਏ ਗਏ ਮੁਫ਼ਤ ਸ਼ਨਾਖਤੀ ਕੈਂਪਾਂ ਵਿੱਚ ਸ਼ਨਾਖਤ ਕੀਤੇ ਗਏ ਲਾਭਪਾਤਰੀਆਂ ਨੂੰ ਲੋੜ ਅਨੁਸਾਰ ਸਹਾਇਤਾ ਮੁਹੱਈਆ ਕਰਾਉਣ ਲਈ ਆਯੋਜਿਤ ਕੀਤੀ ਜਾ ਰਹੀ ਹੈ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸ਼ਨਾਖਤੀ ਕੈਂਪਾਂ ‘ਚ ਸ਼ਨਾਖਤ ਹੋਏ ਲਾਭਪਾਤਰੀ ਆਪਣੇ ਨਾਲ ਸ਼ਨਾਖਤੀ ਕੈਂਪ ਦੌਰਾਨ ਜਾਰੀ ਕੀਤਾ ਗਿਆ ਟੋਕਨ/ਸਲਿੱਪ ਜਿਸ ਵਿੱਚ ਲਾਪਭਾਤਰੀ ਨੂੰ ਮਿਲਣ ਵਾਲੀ ਸਹਾਇਤਾ ਬਾਰੇ ਲਿਖਿਆ ਗਿਆ ਸੀ, ਵੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਪਹੁੰਚਣ ਵਾਲੇ ਲਾਭਪਾਤਰੀਆਂ ਨੂੰ ਕਿਰਾਏ ਵਜੋਂ 100/- ਰੁਪਏ ਕੈਸ਼ ਦੇ ਰੂਪ ਵਿੱਚ ਦੇਣ ਤੋਂ ਇਲਾਵਾ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media