ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ

ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰਪਾਲ ਸਿੰਘ) – ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਨਿਵਾਜੇ ‘ਖਾਲਸਾ’ ਦੇ ਸਿਰਜਣਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਦਰਬਾਰ, ਅਮ੍ਰਿਤ ਸੰਚਾਰ ਅਤੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਕੀਰਤਨ ਦਰਬਾਰ ਵਿਚ ਕਥਾ ਕਰ ਰਹੇ ਭਾਈ ਪ੍ਰਗਟ ਸਿੰਘ ਤਿੰਮੋਵਾਲ ਨੇ ਸਮੂਹ ਸੰਗਤ ਨੂੰ ਪਾਖੰਡਵਾਦ, ਡੇਰਾਵਾਦ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਸਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੈ ਅਤੇ ਉਸੇ ਕੋਲੋ ਸੱਚੀ ਅਰਦਾਸ ਕਰਕੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਸੁਰਿੰਦਰ ਸਿੰਘ ਜੋਧਪੁਰੀ ਵਲੋਂ ਗੁਰਬਾਣੀ ਦੇ ਸ਼ਬਦ ਗਾਇਣ ਕੀਤੇ ਗਏ। ਸਿੱਖ ਕੋਮ ਦੀ ਮਹਾਨ ਸ਼ਖਸ਼ੀਅਤ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲਿਆ ਵਲੋਂ ਆਨੰਦਮਈ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਫਤਿਹ ਅਕੈਡਮੀ ਦੇ ਨਵੇ ਦਫਤਰ ਅਤੇ ਮੁੱਖ ਗੇਟ ਦਾ ਵੀ ਉਦਘਾਟਨ ਕੀਤਾ । ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਬੱਚਿਆ ਵਲੋ ਵੀ ਢਾਡੀ ਵਾਗ ਗਾਕੇ ਇਹ ਸਿੱਧ ਕੀਤਾ ਕਿ ਅਕੈਡਮੀ ਪੜਾਈ, ਖੇਡਾ ਅਤੇ ਹਰ ਪ੍ਰਕਾਰ ਦੇ ਮੁਕਾਬਲਿਆ ਤੋਂ ਇਲਾਵਾ ਗੁਰਬਾਣੀ ਅਤੇ ਵਿਰਸੇ ਦੀ ਵੀ ਸੇਵਾ ਸੰਭਾਲ ਕਰ ਰਿਹਾ ਹੈ।

ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਅੱਖਾਂ ਦੇ ਹਸਪਤਾਲ ਸੋਹਾਣਾ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਕੇ ਅਕੈਡਮੀ ਨੇ ਮਾਨਵਤਾ ਦੀ ਸੇਵਾ ਵਿਚ ਵੀ ਹਿੱਸਾ ਪਾਉਂਦੇ ਹੋਏ 165 ਦੇ ਕਰੀਬ ਮਰੀਜਾਂ ਦੀਆ ਅੱਖਾਂ ਦਾ ਚੈੱਕ ਅੱਪ ਕੀਤਾ ਅਤੇ ਫਰੀ ਦਵਾਈਆ ਅਤੇ ਐਨਕਾਂ ਵੰਡੀਆ। ਜਿਆਦਾ ਖਰਾਬ ਅੱਖਾਂ ਵਾਲਿਆ ਦਾ ਫਰੀ ਅਪਰੇਸ਼ਨ ਵੀ ਸੋਹਾਣਾ ਹਸਪਤਾਲ ਕਰਵਾਇਆ ਜਾਵੇਗਾ। ਡਾ: ਸ਼ਾਈਨਾ ਕਾਂਸਲ ਅਤੇ ਸਹਿਯੋਗੀ ਮੈਡਮ ਰਾਜਬੀਰ ਕੋਰ, ਹਰਪਾਲ ਸਿੰਘ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ ਵਲੋਂ ਮਰੀਜਾਂ ਨੂੰ ਦੇਖਿਆ ਜਾ ਰਿਹਾ ਸੀ। ਕੀਰਤਨ ਦਰਬਾਰ ਵਿਚ ਵਿਸ਼ੇਸ਼ ਤੋਰ ਤੇ ਪਹੁੰਚੇ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆ ਨੂੰ ਸ੍ਰ: ਜਗਬੀਰ ਸਿੰਘ ਚੇਅਰਮੈਨ ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਹ ਸਮਾਂ ਆ ਗਿਆ ਹੈ ਜਦੋਂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਨੁਸਾਰ ਅਪਨੇ ਜੀਵਣ ਨੂੰ ਢਾਲਣਾ ਪਵੇਗਾ, ਨਹੀਂ ਤਾਂ ਅੱਜ ਦੇ ਢੋਂਗੀ ਪਾਖੰਡੀਆਂ ਵਲੋਂ ਕੀਤੇ ਜਾ ਰਹੇ ਪਾਖੰਡਵਾਦ ਨਾਲ ਮਨੁੱਖਤਾ ਤਬਾਹੀ ਦੇ ਕੰਢੇ ਵੱਲ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਅਤੇ ਬੱਚਿਆ ਨੂੰ ਉੱਚ ਸਿੱਖਿਆ, ਖੇਡਾ, ਵਿਰਸਾ ਆਦਿ ਨਾਲ ਜੋੜਨ ਲਈ ਅਕੈਡਮੀ ਇਸ ਤਰਾ ਦੇ ਸਮਾਗਮ ਕਰਾਉਂਦੀ ਰਹੇਗੀ।
Punjab Post Daily Online Newspaper & Print Media