ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਂਗਰਸ ਦਾ ਰਾਹੁਲ ਹੋਵੇ ਜਾਂ ਭਾਜਪਾ ਦਾ ਨਰਿੰੰਦਰ ਮੋਦੀ ਦੋਨੋਂ ਹੀ ਦੇਸ਼ ਤੇ ਦੇਸ਼ ਵਾਸੀਆਂ ਲਈ ਘਾਤਕ ਹਨ, ਵਿਧਾਨ ਸਭਾ ਹਲਕਾ ਪੱਛਮੀ ਦੇ ਇਲਾਕਾ ਕੋਟ ਖਾਲਸਾ ਵਿਖੇ ਸ੍ਰੀ ਤਾਰਾ ਚੰਦ ਭਗਤ ਦੀ ਪ੍ਰਧਾਨਗੀ ਹੇਠ ਅਯੋਜਿਤ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਦੀ ਇਕ ਭਰਵੀਂ ਰੈਲੀ ਦੌਰਾਨ ਇਹ ਵਿਚਾਰ ਪੇਸ਼ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਸ੍ਰ. ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਹੈ ਕਿ ਇਹਨ੍ਹਾਂ ਦੋਨਾਂ ਦੇ ਹੱਥ ਸਿੱਧੇ ਅਸਿੱਧੇ ਢੰਗ ਨਾਲ ਘੱਟ ਗਿਣਤੀਆਂ ਦੇ ਲਹੂ ਨਾਲ ਰੰਗੇ ਹੋਏ ਹਨ।ਇਸ ਮੌਕੇ ਕਾਮਰੇਡ ਬਘੇਲ ਸਿੰਘ ਪਾਰਟੀ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋਏ।ਸ੍ਰ. ਵਾਲੀਆ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਪਿਆਰ ਇਤਫਾਕ ਤੇ ਆਪਸੀ ਭਾਈਚਾਰਾ ਬਣਾਈ ਰੱਖਣ ਦਾ ਉਪਦੇਸ਼ ਦੇਣ ਵਾਲੀ ਕਾਂਗਰਸ ਤੇ ਭਾਜਪਾ ਨੇ ਆਖਿਰ ਨਵੰਬਰ 1984 ਦਾ ਸਿੱਖ ਕਤਲੇਆਮ ਤੇ 2002 ਦਾ ਗੁਜਰਾਤ ਮੁਸਲਿਮ ਕਤਲੇਆਮ ਕਰਕੇ ਕਿਹੜਾ ਭਾਈਚਾਰਾ ਬਣਾਈ ਰੱਖਿਆ ਹੈ।ਸ੍ਰ. ਵਾਲੀਆ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਨਾਮ ਪ੍ਰਧਾਨ ਮੰਤਰੀ ਵਜੋਂ ਪ੍ਰਚਾਰਨ ਲਈ ਹੀ ਅਕਾਲੀ ਦਲ ਤੇ ਭਾਜਪਾ ਪਾਣੀ ਵਾਂਗ ਪੈਸਾ ਵਹਾ ਰਹੀ ਹੈ ਲੇਕਿਨ ਸੂਬੇ ਦੇ ਮੁਲਾਜਮਾਂ ਨੂੰ ਤਨਖਾਹ ਦੇਣ ਸਮੇਂ ਖਾਲੀ ਖਜਾਨੇ ਦਾ ਰੌਲਾ ਪਾਇਆ ਜਾ ਰਿਹਾ ਹੈ।ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਸਖਤ ਵਿਰੋਧਤਾ ਕਰਦਿਆਂ ਬਸਪਾ ਉਮੀਦਵਾਰ ਨੇ ਕਿਹਾ ਕਿ ਜਿਸ ਨਰਿੰਦਰ ਮੋਦੀ ਨੇ ਸਾਲ 2012 ਦੀ ਵਿਧਾਨ ਸਭਾ ਚੋਣ ਸਮੇਂ ਆਪਣੇ ਵਿਆਹ ਤੇ ਵਿਆਹੀ ਪਤਨੀ ਬਾਰੇ ਜਾਣਕਾਰੀ ਛੁਪਾ ਕੇ ਚੋਣ ਕਮਿਸ਼ਨ ਤੇ ਦੇਸ਼ ਵਾਸੀਆਂ ਨੂੰ ਧੋਖਾ ਦਿੱਤਾ ਉਸਨੂੰ ਕੀ ਹੱਕ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਵੀ ਵੇਖ ਲਵੇ । ਸ੍ਰ. ਵਾਲੀਆ ਨੇ ਕਿਹਾ ਕਿ ਦੇਸ਼ ਦੀ ਪ੍ਰਧਾਨ ਮੰਤਰੀ ਬਨਣ ਦੇ ਯੋਗ ਸਿਰਫ ਤੇ ਸਿਰਫ ਬਸਪਾ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਨੂੰ ਹੈ, ਜਿਸ ਨੇ ਮੁੱਖ ਮੰਤਰੀ ਹੁੰਦਿਆਂ ਵੀ ਸੂਬਾ ਵਾਸੀਆਂ ਦੇ ਹਿੱਤ ਸਾਹਮਣੇ ਰੱਖੇ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਕੋਈ ਵੀ ਐਸਾ ਸੂਬਾ ਨਹੀ ਹੈ ਜੋ ਬਾਂਹ ਉਚੀ ਕਰਕੇ ਕਹਿ ਸਕੇ ਕਿ ਉਸਨੇ ਬਿਨ੍ਹਾ ਕਿਸੇ ਭੇਦ ਭਾਵ ਦੇ ਸੂਬੇ ਦੇ ਗਰੀਬ ਲੋਕਾਂ ਨੂੰ 4-4 ਮਰਲੇ ਦੇ ਮਕਾਨ ਅਤੇ ਵਾਹੀਯੋਗ ਜਮੀਨ ਦਾ ਮਾਲਿਕ ਬਣਾਇਆ ਹੋਵੇ ਲੇਕਿਨ ਭੈਣ ਮਾਇਆ ਵਤੀ ਨੇ ਅਜੇਹਾ ਕਰ ਵਿਖਾਇਆ ਹੈ। ਇਸ ਮੌਕੇ ਸ੍ਰ. ਵਾਲੀਆ ਦੇ ਨਾਲ ਸ੍ਰੀ ਜਗਦੀਸ਼ ਦੁੱਗਲ ,ਪਿੰਕੀ ਪ੍ਰਧਾਨ, ਸੁਖਵਿੰਦਰ ਸੈਕਟਰੀ, ਸੋਮ ਦੇਵ ਸੈਕਟਰੀ, ਪਰਮਿੰਦਰ, ਰਾਜ ਕੁਮਾਰੀ, ਸੁਖਮਨਜੀਤ ਸਿੰਘ ਜਸਪ੍ਰੀਤ ਸਿੰਘ, ਸਿਮਰਨਦੀਪ ਸਿੰਘ ਰਾਜ ਕੁਮਾਰ ਬੱਬੀ, ਗੁਰਨਾਮ ਸਿੰਘ, ਤਾਰਾ ਸਿੰਘ ਆਦਿ ਹਾਜਰ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …