ਜੇਕਰ ਰਿਹਾਈ ਨਾ ਹੋਈ ਤਾਂ ਫੇਰ ਸੰਘਰਸ਼ ਲਈ ਹੋਣਾ ਪਵੇਗਾ ਮਜਬੂਰ

ਹੁਸ਼ਿਆਰਪੁਰ, 22 ਜੁਲਾਈ (ਸਤਵਿੰਦਰ ਸਿੰਘ) – ਅੱਜ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਗਠਨਾ ਦਾ ਇੱਕ ਵਫਦ ਜਿਲਾ ਪੁਲਿਸ ਪ੍ਰਮੁੱਖ ਰਾਜਜੀਤ ਸਿੰਘ ਨੂੰ ਮਿਲਿਆ ਅਤੇ ਇਸ ਵਫਦ ਨੇ ਜਿਲਾ ਪੁਲਿਸ ਮੁਖੀ ਨੂੰ ਮੰਗ ਕੀਤੀ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਸਮਰਥਨ ਦੇਣ ਵਾਲੇ ਹੁਸ਼ਿਆਰਪੁਰ ਦੇ ਨੌਜਵਾਨਾ ਨੂੰ ਹਿਰਾਸਤ ਚੋਂ ਬਿਨਾ ਸ਼ਰਤ ਰਿਹਾ ਕੀਤਾ ਜਾਵੇ। ਇਸ ਵਫਦ ਵਿੱਚ ਸੋਸ਼ਲਿਸਟ ਪਾਰਟੀ ਆਫ ਇੰਡੀਆ ਤੋਂ ਸ. ਬਲਵੰਤ ਸਿੰਘ ਖੇੜਾ, ਆਮ ਆਦਮੀ ਪਾਰਟੀ ਤੋਂ ਐਡਵੋਕੇਟ ਨਵੀਨ ਜੈਰਥ, ਪੀ. ਪੀ. ਪੀ. ਤੋਂ ਸ਼੍ਰੀ ਸੰਦੀਪ ਸੈਣੀ, ਸ਼ਿਰੋਮਣੀ ਅਕਾਲੀ ਦਲ ਅਮ੍ਰਿਤਸਰ ਤੋਂ ਗੁਰਦੀਪ ਸਿੰਘ ਖੁਣ ਖੁਣ, ਦਲ ਖਾਲਸਾ ਤੋਂ ਸ. ਰਣਬੀਰ ਸਿੰਘ, ਸਿੱਖ ਯੂਥ ਆਫ ਪੰਜਾਬ ਤੋਂ ਨੋਬਲਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਤੋਂ ਚਰਨਦੀਪ ਸਿੰਘ, ਰਸ਼ਪਾਲ ਸਿੰਘ, ਸੁਰਜੀਤ ਸਿੰਘ ਸੈਣੀ, ਕਮਲਜੀਤ ਸਿੰਘ ਭੂਪਾ, ਗਗਨਦੀਪ ਸਿੰਘ ਆਦ ਸ਼ਾਮਿਲ ਹੋਏ । ਉਪਰੋਕਤ ਨੇਤਾਵਾਂ ਨੇ ਸਾਂਝੇ ਤੌਰ ਤੇ ਜਿੱਥੇ ਬਾਪੂ ਸੂਰਤ ਸਿੰਘ ਨੂੰ ਗੈਰ ਕਨੂੰਨੀ ਤਰੀਕੇ ਨਾਲ ਪੁਲੀਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਨਖੇਧੀ ਕੀਤੀ ਉੱਥੇ ਹੀ ਬਾਪੂ ਜੀ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ ਜਿਸ ਵਿੱਚ ਉਹਨਾਂ ਹਿੰਦੂ ਸਿੱਖਾਂ ਨੂੰ ਇੱਕੋ ਮਾਲਾ ਦੇ ਮਣਕੇ ਹਨ ਅਤੇ ਉਹ ਹਰੇਕ ਦੀ ਗੈਰਕਾਨੂੰਨੀ ਹਿਰਾਸਤ ਦੇ ਖਿਲਾਫ ਆਪਣੀ ਸਾਰੀ ਜਿੰਦਗੀ ਸੰਘਰਸ਼ ਕਰਦੇ ਰਹਿਣਗੇ। ਲੀਡਰਸ਼ਿਪ ਨੇ ਕਿਹਾ ਕਿ ਇਸੇ ਆੜ ਵਿੱਚ ਹੁਸ਼ਿਆਰਪੁਰ ਤੋਂ ਵੀ ਕਈ ਨੌਜਵਾਨਾ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਜੋ ਕਿ ਸੰਵਿਧਾਨ ਦੇ ਖਿਲਾਫ ਹੈ ।
ਵਫਦ ਨੇ ਕਿਹਾ ਕਿ ਇਹ ਲੋਕ ਕੋਈ ਦੋਸ਼ੀ ਨਹੀਂ ਜੋ ਜਮਾਨਤ ਕਰਵਾਉਣ ਅਤੇ ਉਹ ਬਾਦਲ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਆਮ ਲੋਕਾਂ ਦੇ ਹੱਕ ਵਿੱਚ ਲੜਨ ਵਾਲਿਆਂ ਦਾ ਉਹ ਹਮੇਸ਼ਾ ਸਾਥ ਦੇਣਗੇ । ਇਸ ਕਰਕੇ ਇਹਨਾ ਨੂੰ ਬਿਨਾ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ । ਐਸ. ਐਸ. ਪੀ. ਨੇ ਵਫਦ ਨੂੰ ਭਰੋਸਾ ਦੁਆਇਆ ਕਿ ਇਹਨਾ ਨੌਜਵਾਨਾ ਦੀ ਤੁਰੰਤ ਰਿਹਾਈ ਵਾਸਤੇ ਉਹ ਲੋੜੀਂਦੇ ਕਦਮ ਚੁੱਕਣਗੇ । ਉਪਰੋਕਤ ਲੀਡਰਸ਼ਿਪ ਨੇ ਕਿਹਾ ਕਿ ਉਹਨਾ ਨੂੰ ਪੁਲਿਸ ਪ੍ਰਮੁੱਖ ਤੇ ਭਰੋਸਾ ਹੈ ਪਰ ਜੇਕਰ ਨੌਜਵਾਨਾ ਦੀ ਰਿਹਾਈ ਤੁਰੰਤ ਨਾ ਹੋਈ ਤਾਂ ਉਹ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ ।
Punjab Post Daily Online Newspaper & Print Media