ਹੁਸ਼ਿਆਰਪੁਰ, 22 ਜੁਲਾਈ (ਸਤਵਿੰਦਰ ਸਿੰਘ) – ਨਾਬਾਰਡ ਵੱਲੋਂ ਸਥਾਨਕ ਬਾਲ ਸੁਧਾਰ ਘਰ ਅਤੇ ਜ਼ਿਲ੍ਹਾ ਜੇਲ੍ਹ ਵਿਖੇ ਚਲਾਏ ਜਾ ਰਹੇ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਕੀਤਾ ਗਿਆ। ਬਾਲ ਸੁਧਾਰ ਘਰ ਵਿਖੇ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਨ ਸਮੇਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦਾ ਮਕਸਦ ਬੱਚਿਆਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇ ਕੇ ਸਵੈਮਾਣ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਨਰ ਗ੍ਰਹਿਣ ਕਰਕੇ ਇਹ ਬੱਚੇ ਬੇਹਤਰ ਨਾਗਰਿਕਾਂ ਵਾਲਾ ਜੀਵਨ ਜਿਓ ਸਕਣਗੇ। ਇਸੇ ਤਰ੍ਹਾਂ ਤਰ੍ਹਾਂ ਜ਼ਿਲ੍ਹਾ ਜੇਲ੍ਹ ‘ਚ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਹਵਾਲਾਤੀਆਂ ਤੇ ਕੈਦੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਉਸਾਰੂ ਸਮਾਜ ਸਿਰਜਣਾ ‘ਚ ਯੋਗਦਾਨ ਪਾਉਣ ਦੇ ਯੋਗ ਬਣਾਉਣਾ ਹੈ। ਬਾਲ ਸੁਧਾਰ ਘਰ ਵਿਖੇ ਬੱਚਿਆਂ ਅਤੇ ਜ਼ਿਲ੍ਹਾ ਜੇਲ੍ਹ ਵਿਖੇ ਕੈਦੀਆਂ / ਹਵਾਲਾਤੀਆਂ ਦੀਆਂ ਮੁਸ਼ਕਲਾਂ ਵੀ ਡਿਪਟੀ ਕਮਿਸ਼ਨਰ ਵੱਲੋਂ ਸੁਣੀਆਂ ਗਈਆਂ। ਨਾਬਾਰਡ ਦੇ ਮੁੱਖ ਮਹਾਂ ਪ੍ਰਬੰਧਕ ਸ੍ਰੀ ਪੀ.ਐਮ. ਘੋਲੇ ਨੇ ਦੱਸਿਆ ਕਿ ਇਹ ਟਰੇਨਿੰਗ ਬਿਹਾਰ ਦੀ ਇੱਕ ਐਨ.ਜੀ.ਓ. ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਟਰੇਨਿੰਗ ਦੇਣ ਵਾਲੇ ਮਾਹਿਰ ਵੀ ਬਿਹਾਰ ਤੋਂ ਬੁਲਾਏ ਗਏ ਹਨ। ਜੇਲ੍ਹ ਸੁਪਰਡੰਟ ਸ੍ਰੀ ਅਜਮੇਰ ਸਿੰਘ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਸਿਖਲਾਈ ਪ੍ਰੋਗਰਾਮ ਨਾਲ ਜੇਲ੍ਹ ‘ਚ ਰਹਿਣ ਵਾਲਿਆਂ ਨੂੰ ਜੇਲ੍ਹ ਅੰਦਰ ਹੀ ਰੋਜ਼ਗਾਰ ਪ੍ਰਾਪਤ ਹੋਵੇਗਾ ਅਤੇ ਉਹ ਆਪਣੇ ਸਮੇਂ ਦਾ ਸਹੀ ਉਪਯੋਗ ਕਰ ਸਕਣਗੇ। ਇਸ ਪ੍ਰੋਗਰਾਮ ਦੇ ਸੰਚਾਲਕ ਸ੍ਰੀ ਨੀਰਜ ਕੁਮਾਰ ਨੇ ਦੱਸਿਆ ਕਿ ਬਾਲ ਸੁਧਾਰ ਘਰ ਤੇ ਜ਼ਿਲ੍ਹਾ ਜੇਲ੍ਹ ‘ਚ ਚਲਾਏ ਜਾ ਰਹੇ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਕੇਵਲ ਟਰੇਨਿੰਗ ਪ੍ਰਦਾਨ ਕਰਨਾ ਨਹੀਂ ਸਗੋਂ ਇਥੇ ਤਿਆਰ ਮਾਲ ਨੂੰ ਮਾਰਕੀਟ ਵਿੱਚ ਵੇਚਣਾ ਵੀ ਹੈ। ਉਨ੍ਹਾਂ ਦੱਸਿਆ ਕਿ ਐਨ ਜੀ ਓ ਇੱਕ ਬਰਾਂਡ ਦੇ ਤਹਿਤ ਸੈਲਫ਼ ਹੈਲਪ ਗਰੁੱਪਾਂ ਦੁਆਰਾ ਤਿਆਰ ਅਗਰਬੱਤੀ ਦੀ ਮਾਰਕੀਟਿੰਗ ਵੀ ਕਰਦੀ ਹੈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਉਪ ਮਹਾਂਪ੍ਰਬੰਧਕ ਸ੍ਰੀਕਾਂਤ ਸ਼ਰਮਾ, ਚੀਫ਼ ਐਲ ਡੀ ਐਮ ਆਰ ਸੀ ਸ਼ਰਮਾ, ਗ੍ਰਾਮੀਣ ਬੈਂਕ ਦੇ ਖੇਤਰੀ ਮੈਨੇਜਰ ਸ੍ਰੀ ਜਸਬੀਰ ਸਿੰਘ, ਨਾਬਾਰਡ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਮੋਹਨ ਲਾਲ, ਡੀ ਡੀ ਐਮ ਨਾਬਾਰਡ ਡਾ. ਇੰਦਰਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਸੁਪਰਡੰਟ ਬਾਲ ਸੁਧਾਰ ਘਰ ਨਰੇਸ਼ ਕੁਮਾਰ ਵੀ ਇਸ ਮੌਕੇ ਤੇ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media