ਪਾਕਿਸਤਾਨ ਦੇ ਗੁਰਧਾਮਾਂ ਤੇ ਆਈ.ਐਸ.ਆਈ. ਦਾ ਕੰਟਰੋਲ ਹੋਣ ਦੀ ਜੀ.ਕੇ ਨੇ ਗੱਲ ਮੰਨੀ

ਨਵੀਂ ਦਿੱਲੀ, 24 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਜਾ ਰਹੀ ਕਾਨੂੰਨੀ ਕੋਸ਼ਿਸ਼ਾ ਤੇ ਬੁਰ ਪੈਣ ਤੇ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਵੱਲੋਂ ਕਮੇਟੀ ਪ੍ਰਬੰਧਕਾਂ ਦਾ ਅੱਜ ਸਨਮਾਨ ਕੀਤਾ ਗਿਆ। ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਗੁਰਮੀਤ ਸਿੰਘ ਫੈਡਰੇਸ਼ਨ ਦੀ ਅਗੁਵਾਈ ਵਿੱਚ ਆਏ ਵੱਫਦ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਜਤਿੰਦਰਪਾਲ ਸਿੰਘ ਗੋਲਡੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਬਾਰੇ ਜਾਨਕਾਰੀ ਦਿੰਦੇ ਹੋਏ ਫੈਡਰੇਸ਼ਨ ਨੇ ਕਲ ਸੁਪਰੀਮ ਕੋਰਟ ਵੱਲੋਂ ਉਮਰਕੈਦ ਦੀ ਸਜਾਵਾਂ ਭੁਗਤ ਰਹੇ ਕੈਦੀਆਂ ਨੂੰ ੧੪ ਸਾਲ ਦੀ ਸ਼ਜਾ ਪੂਰੀ ਕਰਨ ਤੋਂ ਬਾਅਦ ਰਿਹਾਈ ਵਾਸਤੇ ਮਿਲੇ ਸੂਬਿਆਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਬਹਾਲੀ ਪਿੱਛੇ ਦਿੱਲੀ ਕਮੇਟੀ ਦੀ ਵੱਡੀ ਭੂਮਿਕਾ ਹੋਣ ਦਾ ਦਾਅਵਾ ਕੀਤਾ। ਫੈਡਰੇਸ਼ਨ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੁਪਰੀਮ ਕੋਰਟ ਤਕ ਪਹੁੰਚ ਕਰਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਜੇਲ ਮੈਨੂੰਅਲ ਦਾ ਹਵਾਲਾ ਦਿੰਦੇ ਹੋਏ ਸੰਵਿਧਾਨ ਵੱਲੋਂ ਸੂਬਿਆਂ ਨੂੰ ਕੈਦੀ ਦੇ ਚੰਗੇ ਆਚਰਣ ਕਰਕੇ ਉਸਦੀ ਸ਼ਜਾ ਮੁਆਫ਼ੀ ਕਰਨ ਦੇ ਅਧਿਕਾਰ ਨੂੰ ਸੁਪਰੀਮ ਕੋਰਟ ਵੱਲੋਂ ਲਗਾਈ ਗਈ ਰੋਕ ਨੂੰ ਸੰਵਿਧਾਨਿਕ ਮਰਿਯਾਦਾ ਦੀ ਉਲਘੰਣਾ ਅਤੇ ਸੰਘੀ ਢਾਂਚੇ ਤੇ ਚੋਟ ਕਰਾਰ ਦਿੱਤਾ ਗਿਆ ਸੀ।
ਫੈਡਰੇਸ਼ਨ ਨੇ ਦਾਅਵਾ ਕੀਤਾ ਕਿ ਨਿਆਪਾਲਿਕਾ ਦਿੱਲੀ ਕਮੇਟੀ ਦੀ ਇਸ ਦਲੀਲ ਤੋਂ ਪ੍ਰਭਾਵਿਤ ਹੋਈ ਹੈ। ਇਸ ਕਰਕੇ ਸੁਪਰੀਮ ਕੋਰਟ ਦੇ ਇਸ ਫ਼ੈਸ਼ਲੇ ਦੇ ਪਿੱਛੇ ਦਿੱਲੀ ਕਮੇਟੀ ਦੀ ਕਾਰਗੁਜਾਰੀ ਲੁਕਵੇ ਤੌਰ ਤੇ ਨਜ਼ਰ ਆ ਰਹੀ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸ਼ਲੇ ਦਾ ਸਵਾਗਤ ਕਰਦੇ ਹੋਏ ਜੀ.ਕੇ. ਨੇ ਜ਼ੇਲ ਮੈਨੂੰਅਲ ਨੂੰ ਹਰ ਕੈਦੀ ਦੇ ਵਿਵਹਾਰ ਨਾਲ ਜੋੜਨ ਤਕ ਕਮੇਟੀ ਵੱਲੋਂ ਆਪਣੀ ਲੜਾਈ ਜ਼ਾਰੀ ਰੱਖਣ ਦੀ ਵੀ ਗੱਲ ਕਹੀ।
ਭਾਜਪਾ ਦੇ ਸੀਨੀਅਰ ਆਗੂ ਬਲਬੀਰ ਪੁੰਜ ਦੇ ਅੱਜ ਕੁਝ ਅਖ਼ਬਾਰਾ ‘ਚ ਲੱਗੇ ਲੇਖ ‘ਚ ਪਾਕਿਸਤਾਨਾਂ ਦੇ ਗੁਰਧਾਮਾਂ ਤੇ ਪਾਕਿਸਤਾਨ ਦੀ ਖ਼ੁਫ਼ਿਆ ਏਜੰਸੀ ਆਈ.ਐਸ.ਆਈ. ਦਾ ਕੰਟਰੋਲ ਹੋਣ ਦੇ ਕੀਤੇ ਗਏ ਦਾਅਵੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਤੇ ਜੀ.ਕੇ. ਨੇ ਮੰਨਿਆ ਕਿ ਪਾਕਿਸਤਾਨ ਦੇ ਗੁਰਧਾਮ ਆਈ.ਐਸ.ਆਈ. ਦੇ ਹੱਥ ਵਿੱਚ ਹਨ ਅਤੇ ਜਿਸ ਦਿਨ ਤੋਂ ਇਨ੍ਹਾਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦੀ ਦਿੱਲੀ ਕਮੇਟੀ ਨੇ ਗੱਲ ਕੀਤੀ ਹੈ ਉਸ ਦਿਨ ਤੋਂ ਬਾਅਦ ਆਈ.ਐਸ.ਆਈ ਦੇ ਇਸ਼ਾਰੇ ‘ਤੇ ਉਨ੍ਹਾਂ ਦੇ ਖ਼ਿਲਾਫ਼ ਵਿਦੇਸ਼ਾ ਵਿੱਚ ਜੇਹਾਦ ਦਾ ਮਾਹੌਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਦੇਸ਼ ਦੇ ਇਨ੍ਹਾਂ ਵਿਰੋਧੀਆਂ ਦੇ ਕਿਸੇ ਦਬਾਅ ਦੇ ਅੱਗੇ ਨਹੀਂ ਝੁੱਕਣਗੇ। ਇਸ ਵਫ਼ਦ ਵਿੱਚ ਜਗਜੀਤ ਸਿੰਘ ਕਮਾਂਡਰ, ਰਾਜਾ ਹਰਿਵਿੰਦਰ ਸਿੰਘ, ਐਮ.ਐਸ. ਗਿੱਲ ਆਦਿਕ ਸ਼ਾਮਿਲ ਸਨ।
Punjab Post Daily Online Newspaper & Print Media