ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਪਿੰਡ ਪਿੰਡ ਚਲਾਈ ਜਾ ਲਹਿਰ ਦੇ ਤਹਿਤ ਪਿੰਡ ਮਹਿਮਾ ਸਰਜਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਸਮਾਗਮ ਕੀਤਾ ਗਿਆ।ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਦੱਸਿਆ ਕਿ ਲਹਿਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪਿੰਡ-ਪਿੰਡ ਜਾ ਕੇ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਢੱਲ ਪਾਉਣ ਵਾਸਤੇ ਸਮਾਗਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਨਸ਼ੇੜੀ ਹੋ ਜਾਣ ਉਹ ਇਤਿਹਾਸ ਦੇ ਪੰਨਿਆਂ ਤੋਂ ਮਿਟ ਜਾਂਦੀਆਂ ਹਨ।ਨਸ਼ੇ ਜਿਥੇ ਮਨੁੱਖ ਨੂੰ ਸਰੀਰਕ ਤੌਰ ‘ਤੇ ਨਕਾਰਾ ਕਰਦੇ ਹਨ।ਉਥੇ ਆਰਥਿਕ ਤੌਰ ‘ਤੇ ਵੀ ਬਰਬਾਦ ਕਰ ਦਿੰਦੇ ਹਨ।ਨਸ਼ਿਆਂ ਵਿਚ ਪਏ ਵੱਡੇ ਵੱਡੇ ਕਹਿੰਦੇ ਕਹਾਉਂਦੇ ਘਰ ਅੱਜ ਮੰਗਤੇ ਬਣੇ ਵੇਖੇ ਜਾ ਸਕਦੇ ਹਨ।ਅਸਲ ਵਿਚ ਨਸ਼ਾ ਕਰਨਾ ਇਕ ਮਾਨਸਿਕ ਬੀਮਾਰੀ ਹੈ ਤੇ ਹੁਣ ਨਸ਼ੇ ਰੀਸ ਅਧੀਨ ਜਾ ਫੈਸ਼ਨ ਅਧੀਨ ਹੋ ਰਹੇ ਹਨ।ਸਮਾਗਮ ਵਿਚ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਕੌਮ ਨੂੰ ਚੜਦੀਕਲ੍ਹਾ ਵਿਚ ਲੈ ਜਾਣ ਵਾਸਤੇ ਗੁਰੂ ਮਾਰਗ ਦੇ ਪਾਂਧੀ ਬਣ ਕੇ ਦੁਨੀਆਂ ਵਿਚ ਪੰਜਾਬੀਆਂ ਦੀ ਡਿੱਗ ਰਹੀ ਸਾਖ਼ ਨੂੰ ਮੁੜ ਉਜਾਗਰ ਕਰਨ। ਇਸ ਮੌਕੇ ਸੰਗਤਾਂ ਨੇ ਗੁਰੂੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪ੍ਰਣ ਕੀਤਾ ਕਿ ਕੋਈ ਵੀ ਮਾਰੂ ਨਸ਼ਾ ਨਹੀ ਕਰੇਗਾ ਅਤੇ ਲਹਿਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।
ਲਹਿਰ ਦੇ ਕਵੀਸਰੀ ਜਥੇ ਨਛੱਤਰ ਸਿੰਘ ਮਹਿਮਾ ਸਰਜਾ, ਜਗਤਾਰ ਸਿੰਘ ਬੀਬੀਵਾਲਾ ਅਤੇ ਅਮਰੀਕ ਸਿੰਘ ਦਬੜੀਖਾਨਾ ਨੇ ਵਾਰਾਂ ਗਾ ਕੇ ਆਪਣੀ ਹਾਜ਼ਰੀ ਲਵਾਈ, ਜਦਕਿ ਗੁਰਮੁੱਖ ਸਿੰਘ ਖੇਮੂਆਣਾ ਕਵੀਸ਼ਰ ਨੇ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਇਕਬਾਲ ਸਿੰਘ ਸੋਨੀ, ਗੁਰਬਖ਼ਸ ਸਿੰਘ ਸਰਪੰਚ, ਪ੍ਰਿਥੀਪਾਲ ਸਿੰਘ ਪ੍ਰਧਾਨ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਹੰਤ ਸੁਖਦੇਵ ਪ੍ਰਕਾਸ਼, ਸੁਰਿੰਦਰ ਪਾਲ ਸਿੰਘ ਬੁੱਲਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਦਿੱਤੀ 15 ਲੱਖ ਦੀ ਸਹਾਇਤਾ
ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ …
Punjab Post Daily Online Newspaper & Print Media