ਸਵੈ ਰੁਜ਼ਗਾਰ ਦੇ ਤੌਰ ‘ਤੇ ਅਪਣਾਉਣ ਵਾਲੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ 40 ਫੀਸਦੀ ਸਬਸਿਡੀ – ਡਿਪਟੀ ਡਾਇਰੈਕਟਰ

ਫਾਜ਼ਿਲਕਾ, 4 ਅਗਸਤ (ਵਿਨੀਤ ਅੋਰੜਾ) – ਬਾਗਬਾਨੀ ਵਿਭਾਗ ਵਲੋਂ ਜ਼ਿਲ੍ਹੇ ਦੇ ਮਧੂ ਮੱਖੀ ਪਾਲਣ ਵਾਲੇ ਲਾਭਪਾਤਰੀ ਨੌਜਵਾਨਾਂ ਨੂੰ 1 ਕਰੋੜ 19 ਲੱਖ 63 ਹਜ਼ਾਰ 200 ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ । ਜਿਸ ਤਹਿਤ ਬਾਗਬਾਨੀ ਵਿਭਾਗ ਦੇ ਉਪਰਾਲਿਆਂ ਸਦਕਾ ਕਿਸਾਨਾਂ ਵੱਲੋਂ ਖੇਤੀ ਸਹਾਇਕ ਧੰਦਿਆਂ ਅਤੇ ਸਵੈ ਰੁਜ਼ਗਾਰ ਦੇ ਤੌਰ ਤੇ ਅਪਣਾਉਦਿਆਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਵੱਲ ਪੁਲਾਂਘ ਪੁੱਟੀ ਹੈ। ਜਿਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਆਈ.ਏ.ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਸਵੈ ਰੁਜਗਾਰ ਦੇ ਤੌਰ ਤੇ ਪ੍ਰਫੁੱਲਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਮਧੂ ਮੱਖੀਆਂ ਦੀ ਟ੍ਰੇਨਿੰਗ ਪ੍ਰਾਪਤ ਨੌਜਵਾਨਾਂ ਨੂੰ ਮਧੂ ਮੱਖੀ ਪਾਲਣ ਦੇ ਡੱਬੇ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਬਾਗਬਾਨੀ ਵਿਭਾਗ ਵੱਲੋਂ 150 ਕੇਸਾਂ ਦੀ ਪੈਰਵਾਈ ਕਰਦਿਆਂ ਜ਼ਿਲ੍ਹੇ ਦੇ ਮਧੂ ਮੱਖੀ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਨੂੰ 7477 ਡੱਬੇ ਮੁਹੱਈਆ ਕਰਵਾਏ ਗਏ ਹਨ।ਜਿਸ ਤੇ ਕਿਸਾਨਾਂ ਨੂੰ 1 ਕਰੋੜ 19 ਲੱਖ 63 ਹਜ਼ਾਰ 200 ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਡੱਬੇ ਤੇ ਕਿਸਾਨਾਂ ਨੂੰ 1600 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਧੰਦੇ ਨੂੰ ਸਵੈ ਰੁਜਗਾਰ ਅਪਣਾਉਣ ਵਾਲੇ ਲਾਭਪਾਤਰੀ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਮਧੂ ਮੱਖੀਆਂ ਪਾਲਣ ਦਾ ਸਾਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਇਕ ਵਿਅਕਤੀ ਨੂੰ ਵੱਧ ਤੋਂ ਵੱਧ 50 ਬਕਸੇ ਖਰੀਦਣ ਲਈ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਬਕਸੇ ਦੀ ਕੀਮਤੀ ਤੇ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਅਗਾਂਹਵਧੂ ਨੌਜਵਾਨਾਂ ਜਿੰਨ੍ਹਾਂ ਵਿਚ ਬਲਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭਾਗੂ, ਕਾਲੂ ਰਾਮ ਪੁੱਤਰ ਰਾਮ ਲਾਲ ਵਾਸੀ ਪੰਜਾਵਾ, ਨਿਰਮਲ ਸਿੰਘ ਪੁੱਤਰ ਰੂਪ ਸਿੰਘ ਵਾਸੀ ਜਲਾਲਾਬਾਦ, ਗੁਰਲਾਲ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਜੰਡਵਾਲਾ ਭੀਮੇਸ਼ਾਹ, ਜਸਵਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਝੌਰੜ ਖੇੜਾ, ਪ੍ਰੇਮ ਕੁਮਾਰ ਪੁੱਤਰ ਦੁਲੀ ਚੰਦ ਵੱਲੋਂ ਬਾਖੂਬੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਜਿਆਦਾਤਰ ਕਿਸਾਨਾਂ ਕੋਲ ਡੱਬੇ ਸਪਲਾਈ ਕਰਨ ਅਤੇ ਸ਼ਹਿਦ ਦੀ ਸਪਲਾਈ ਕਰਨ ਦੇ ਲਾਇਸੈਂਸ ਵੀ ਹਨ। ਜਿਸ ਕਾਰਨ ਇਹ ਨੌਜਵਾਨ ਚੰਗੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਨ।
Punjab Post Daily Online Newspaper & Print Media