Thursday, March 26, 2026

ਮੁਰਗੀ ਪਾਲਣ ਧੰਦੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਲਦ ਤੇ ਇਕਸਾਰ ਆਮਦਨ

PPN1208201502ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ)- ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦਾ ਹੈ ਅਤੇ ਇਸ ਸਹਾਇਕ ਧੰਦੇ ਤੋਂ ਜਲਦੀ ਅਤੇ ਇਕਸਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬ੍ਰਾਇਲਰ 6-8 ਹਫ਼ਤੇ ਤੱਕ ਮੰਡੀਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਰਗੀਆਂ 20 ਹਫ਼ਤੇ ਦੀ ਉਮਰ ‘ਤੇ ਅੰਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ।ਮੁਰਗੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਬਹੁਤ ਥੋੜੀ ਜ਼ਮੀਨ ਦੀ ਲੋੜ ਹੁੰਦੀ ਹੈ ਅਤੇ ਇਸ ਕਿੱਤੇ ਤੋਂ ਸਾਰੇ ਪਰਿਵਾਰ ਨੂੰ ਹੀ ਰੁਜ਼ਗਾਰ ਮਿਲ ਜਾਂਦਾ ਹੈ। ਮੁਰਗੀ ਪਾਲਣ ਕਿੱਤੇ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾਂ ਨੇ ਦੱਸਿਆ ਕਿ ਕਿਸਾਨ ਭਰਾ ਇਸ ਧੰਦੇ ਨੂੰ ਬਹੁਤ ਆਸਾਨੀ ਨਾਲ ਖੇਤੀਬਾੜੀ ਦੇ ਨਾਲ ਸ਼ੁਰੂ ਕਰਕੇ ਆਪਣੀ ਆਮਦਨ ‘ਚ ਚੋਖਾ ਵਾਧਾ ਕਰ ਸਕਦੇ ਹਨ।

ਮੁਰਗੀ ਪਾਲਣ ਦਾ ਧੰਦਾ ਕਿਵੇਂ ਕਰੀਏ
ਡਿਪਟੀ ਡਾਇਰੈਕਟਰ ਡਾ. ਸ਼ਰਮਾ ਨੇ ਦੱਸਿਆ ਕਿ ਮੁਰਗੀ ਪਾਲਣ ਦਾ ਕੰਮ ਮਾਸ ਵਾਲੇ ਪੰਛੀ (ਬ੍ਰਾਇਲਰ) ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ (ਲੇਵਰ) ਨਾਲ ਕੀਤਾ ਜਾ ਸਕਦਾ ਹੈ। ਇਕ ਦਿਨ ਦੇ ਚੂਚੇ ਕਿਸੇ ਭਰੋਸੇ ਵਾਲੀ ਜਗ੍ਹਾ ਤੋਂ ਖਰੀਦਣ ਉਪਰੰਤ ਵੈਕਸੀਨੇਸ਼ਨ, ਚੁੰਜ ਕੱਟਣ ਅਤੇ ਸੈਕਸਿੰਗ ਕਰਨ ਉਪੰਰਤ, ਫਾਰਮ ਤੇ ਲਿਆਂਦੇ ਜਾਂਦੇ ਹਨ ਜੋ ਕਿ 6-8 ਹਫਤੇ ਬਰੂਡਰ ਹੇਠ ਰੱਖੇ ਜਾਂਦੇ ਹਨ ਜਿਸ ਦਾ ਪਹਿਲੇ ਹਫਤੇ ਤਾਪਮਾਨ 90-95 ਡਿਗਰੀ ਰੱਖਿਆ ਜਾਂਦਾ ਹੈ ਅਤੇ ਲਗਾਤਾਰ 5 ਡਿਗਰੀ ਘਟਾ ਦਿੱਤਾ ਜਾਂਦਾ ਹੈ। ਅੰਡੇ ਦੇਣ ਵਾਲੇ ਜਾਨਵਰ 250-260 ਅੰਡੇ ਇਕ ਸਾਲ ਵਿਚ ਦਿੰਦੇ ਹਨ ਜਿਨ੍ਹਾਂ ਦਾ ਔਸਤਨ ਭਾਰ 54-56 ਗਰਾਮ ਹੁੰਦਾ ਹੈ। ਮਾਸ ਵਾਸਤੇ ਜਾਨਵਰ 6-8 ਹਫਤੇ ਤੋਂ ਤਿਆਰ ਹੋ ਜਾਂਦੇ ਹਨ, 6 ਹਫਤੇ ਦੇ ਔਸਤਨ 1250-1350 ਗ੍ਰਾਮ ਅਤੇ 8 ਹਫਤੇ 1.5 ਤੋਂ 2.0 ਕਿਲੋ ਹੋ ਜਾਂਦਾ ਹੈ। ਜਿਸ ਤੋਂ 700-750 ਗ੍ਰਾਮ ਪ੍ਰਤੀ ਕਿਲੋ ਖਾਣ ਯੋਗ ਮੀਟ ਮਿਲਦਾ ਹੈ। ਮੀਟ ਵਾਲਾ ਮੁਰਗਾ ਦੋ ਕਿਲੋ ਖੁਰਾਕ ਖਾ ਕੇ ਇਕ ਕਿਲੋ ਦਾ ਹੋ ਜਾਂਦਾ ਹੈ ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ ਤਿੰਨ ਕਿਲੋ ਖੁਰਾਕ ਤੋਂ ਇਕ ਕਿਲੋ ਅੰਡੇ ਦਿੰਦੀਆਂ ਹਨ। ਜਿਸ ਵਿਚ 80 ਫੀਸਦੀ ਹਿੱਸਾ ਖਾਣਯੋਗ ਹੁੰਦਾ ਹੈ। ਮੁਰਗੇ-ਮੁਰਗੀਆਂ ਦੀ ਖੁਰਾਕ ਵਿਚ ਝੋਨੇ ਦੀ ਫੱਕ, ਖਲ ਅਤੇ ਮੀਟ ਆਦਿ ਵਸਤਾਂ ਦਾ ਵਧੇਰੇ ਇਸਤੇਮਾਲ ਹੁੰਦਾ ਹੈ। ਮੁਰਗੀਖਾਨੇ ਦਾ ਕੂੜਾ ਕਰਕਟ ਅਤੇ ਬਿੱਠਾਂ ਬਹੁਤ ਵਧੀਆ ਖਾਦ ਬਣਾਉਂਦੀਆਂ ਹਨ। ਇਸ ਵਿਚ 2 ਫੀਸਦੀ ਨਾਈਟ੍ਰੋਜਨ, 1.5 ਫ਼ੀਸਦੀ ਫਾਸਫੋਰਸ, 1.5 ਫੀਸਦੀ ਪੋਟਾਸ਼ ਬਹੁਤ ਸਾਰੇ ਲਘੂ ਤੱਤ ਅਤੇ ਵੱਡਮੁੱਲਾ ਆਰਗੈਨਿਕ ਪਦਾਰਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਖਾਦ ਨਾਲ ਫਸਲਾਂ ਦੇ ਉਤਪਾਦਨ ‘ਚ ਵੀ ਚੋਖਾ ਵਾਧਾ ਹੁੰਦਾ ਹੈ।
ਡਾ. ਸ਼ਰਮਾਂ ਨੇ ਕਿਹਾ ਕਿ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਵਾਲੇ ਉਦਮੀ ਕਿਸਾਨਾਂ ਨੂੰ ਸਰਕਾਰ ਵੱਲੋਂ ਘੱਟ ਵਿਆਜ ਦਰਾਂ ‘ਤੇ ਕਰਜ਼ੇ ਮੁਹੱਈਆ ਕਰਾਏ ਜਾਂਦੇ ਹਨ ਅਤੇ ਇਸ ਕਰਜੇ ‘ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁਰਗੀ ਪਾਲਣ ਦੇ ਧੰਦੇ ਤੋਂ ਕਿਸਾਨ ਵੀਰ ਫਾਇਦਾ ਉਠਾ ਸਕਦੇ ਹਨ ਅਤੇ ਇਸ ਸਬੰਧੀ ਵਧੇਰੇ ਤਕਨੀਕੀ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਦੇ ਦਫਤਰ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply