Sunday, February 22, 2026

 7ਵਾਂ ਜਾਗ੍ਰਿਤੀ ਖ਼ਾਲਸਾ ਮਾਰਚ ਪਿੰਡ ਸਿਆਲਕਾ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ

ਮੁਸ਼ਕਲ ਹਾਲਾਤਾਂ ‘ਚ ਬਾਬਾ ਜੀਵਨ ਸਿੰਘ ਨੇ ਫਰਜ਼ ਨਿਭਾਅ ਕੇ ਵੱਡੀ ਮਿਸਾਲ ਕਾਇਮ ਕੀਤੀ – ਮਜੀਠੀਆ

u
u

ਚਵਿੰਡਾ ਦੇਵੀ/ ਟਾਹਲੀ ਸਾਹਿਬ,  4 ਸਤੰਬਰ (ਪ.ਪ) – ਦਸਮੇਸ਼ ਪਿਤਾ ਵੱਲੋਂ ਰੰਘਰੇਟਾ ਗੁਰੂ ਕਾ ਬੇਟਾ ਵਜੋਂ ਵਰੋਸਾਏ ਗਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 354ਵੇਂ ਜਨਮ ਦਿਹਾੜੇ ਨੂੰ ਸਮਰਪਿਤ 7ਵਾਂ ਜਾਗ੍ਰਿਤੀ ਖ਼ਾਲਸਾ ਚੇਤਨਾ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਅੱਜ ਸਵੇਰੇ 9 ਵਜੇ ਅਰਦਾਸ ਉਪਰੰਤ ਰਵਾਨਾ ਹੋਇਆ।
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਅਕਾਲੀ ਦਲ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ: ਤਰਸੇਮ ਸਿੰਘ ਸਿਆਲਕਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਉਕਤ ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ,ਮਹਾਂ ਪੁਰਸ਼ ਸੰਤ ਕਿਰਪਾਲ ਦਾਸ ਜੀ ਸਰਹਾਲੇ ਵਾਲੇ, ਬਾਬਾ ਮਨਮੋਹਨ ਸਿੰਘ ਜੀ, ਬਾਬਾ ਰਘਬੀਰ ਸਿੰਘ ਜੀ ਭੰਗਾਲੀ ਵਾਲੇ, ਬਾਬਾ ਸੱਜਣ ਸਿੰਘ ਜੀ ਗੁਰ ਕਾ ਬੇਰ ਸਾਹਿਬ, ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਅਜਾਇਬ ਸਿੰਘ ਟਾਹਲੀ ਸਾਹਿਬ ਤੋਂ ਇਲਾਵਾ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸ ਸੀ ਵਿੰਗ, ਸ: ਰਾਜ ਮਹਿੰਦਰ ਸਿੰਘ ਮਜੀਠਾ ਸਾਬਕਾ ਮੈਂਬਰ ਰਾਜ ਸਭਾ, ਭਾਈ ਰਾਮ ਸਿੰਘ, ਸ: ਬਾਵਾ ਸਿੰਘ ਗੁਮਾਨ ਪੁਰਾ, ਸ: ਸੁਰਜੀਤ ਸਿੰਘ ਭਿਟੇਵਡ, ਬਿਕਰਮਜੀਤ ਸਿੰਘ ਕੋਟਲਾ, ਸ; ਮਲਵਿੰਦਰ ਸਿੰਘ ਖਾਪੜਖੇੜੀ, (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਗੁਰਦਵਾਰਾ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਡਾ: ਤਰਸੇਮ ਸਿੰਘ ਸਿਆਲਕਾ ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਹਨਾਂ ਬਾਬਾ ਜੀਵਨ ਸਿੰਘ ਜੀ ਦੀਆਂ ਕੁਰਬਾਨੀਆਂ ਅੱਗੇ ਸੀਸ ਨਿਵਾਉਂਦਿਆਂ ਕਿਹਾ ਕਿ ਮੁਸ਼ਕਲ ਹਾਲਤਾਂ ਵਿੱਚ ਵੀ ਬਾਬਾ ਜੀਵਨ ਸਿੰਘ ਜੀ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਿਆਂ ਗੁਰੂ ਘਰ ਪ੍ਰਤੀ ਪਿਆ ਅਤੇ ਸਤਿਕਾਰ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ। ਉਹਨਾਂ ਦੀ ਪੰਥ ਅਤੇ ਗੁਰੂ ਘਰ ਪ੍ਰਤੀ ਵੱਡੀ ਦੇਣ ਸਦਕਾ ਹੀ ਉਹਨਾਂ ਨੂੰ ਗੁਰੂ ਦਸਮੇਸ਼ ਪਿਤਾ ਨੇ ਰੰਘਰੇਟਾ ਗੁਰੂ ਕਾ ਬੇਟਾ ਦਾ ਮਾਣ ਬਖਸ਼ਿਆ।ਉਹਨਾਂ ਕਿਹਾ ਕਿ ਦਲਿਤ ਭਾਈਚਾਰੇ ਦਾ ਇਤਿਹਾਸਕ ਪਿਛੋਕੜ ਬਹੁਤ ਮਹਾਨ ਹੈ, ਅਣਖ, ਸਬਰ ਸੰਤੋਖ ਤੋਂ ਇਲਾਵਾ ਜਿਨ੍ਹਾਂ ਜੀਵਨ ਗੁਰੂ ਘਰ ਪ੍ਰਤੀ ਵਿਸ਼ਵਾਸ ਹਮੇਸ਼ਾਂ ਅਡੋਲ ਰਿਹਾ।
ਇਸ ਮੌਕੇ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਨੇ ੨੪੦ ਸਾਲ ਤਕ ਪੀੜੀ ਦਰ ਪੀੜੀ ਗੁਰੂ ਘਰ ਤੇ ਪੰਥ ਦੀ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਬਾਬਾ ਜੀ ਦੇ ਦਰਸਾਏ ਰਸਤੇ ‘ਤੇ ਚਲਣਾ ਮਾਣ ਵਾਲੀ ਗਲ ਹੈ। ਉਹਨਾਂ ਕਿਹਾ ਕਿ ਐਸ ਸੀ ਭਾਈਚਾਰਾ ਅਕਾਲੀ ਦਲ ਦਾ ਅਟੁੱਟ ਅੰਗ ਰਿਹਾ ਹੈ ਅਤੇ ਰਹੇਗਾ। ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜ ਪੱਧਰ ਉੱਤੇ ਮਨਾਇਆ ਗਿਆ ਅਤੇ ਬਾਬਾ ਜੀ ਦੀ ਯਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਦਗਾਰ ਦੀ ਉੱਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਕਲ ਹੀ ਬਾਬਾ ਜੀ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ 10 ਕਰੋੜ ਦੀ ਲਾਗਤ ਨਾਲ ਉੱਸਾਰੇ ਜਾਣ ਵਾਲੇ ਸ਼ਹੀਦ ਬਾਬਾ ਜੈਤਾ ਜੀ ਨਿਵਾਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸੇ ਤਰਾਂ ਸਰਹੱਦੀ ਖੇਤਰ ਵਿੱਚ ਗੁਰਦਵਾਰਾ ਸਤਲਾਨੀ ਸਾਹਿਬ ਵਿਖੇ ੨੦ ਏਕੜ ਜ਼ਮੀਨ ਵਿੱਚ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਖ਼ਾਲਸਾ ਕਾਲਜ ਕਾਇਮ ਕਰਨ ਅਤੇ ਦਿਲੀ ਦੇ ਗੁਰਦਵਾਰਾ ਸੀਸ ਗੰਜ ਸਾਹਿਬ ਦੀ ਲੰਗਰ ਇਮਾਰਤ ਦਾ ਨਾਮ ਕਰਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਨਾਮ ਕੀਤੇ ਜਾਣ ਦਾ ਹਵਾਲਾ ਦਿੱਤਾ।
ਮਾਰਚ ਦੇ ਪ੍ਰਬੰਧਕ ਡਾ: ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਮਾਰਚ ਮਹਿਤਾ ਚੌਕ, ਘੁਮਾਣ, ਸ੍ਰੀ ਹਰਿਗੋਬਿੰਦ ਪੁਰ, ਟਾਂਡਾ, ਹੁਸ਼ਿਆਰਪੁਰ ਸ਼ਹਿਰ ‘ਚੋ ਦੀ ਹੁੰਦਾ ਹੋਇਆ ਗੜ੍ਹਸ਼ੰਕਰ, ਨੂਰਪੁਰ ਬੇਦੀ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਗੁਰਦਵਾਰਾ ਤੱਪ ਅਸਥਾਨ ਵਿਖੇ ਅੱਜ ਸ਼ਾਮ ਨੂੰ ਪਹੁੰਚੇਗਾ।ਇਸ ਦੌਰਾਨ ਆਤਿਸ਼ਬਾਜ਼ੀ, ਬੈਂਡ ਅਤੇ ਗਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਉਂਦਿਆਂ ਮਾਰਚ ਦੀ ਸੋਭਾ ਵਧਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਬੀਬੀ ਸੁਰਿੰਦਰ ਬੀਰ ਕੌਰ ਸਿਆਲਕਾ, ਬਲਵਿੰਦਰ ਸਿੰਘ ਉੱਪਲ, ਚੇਅਰਮੈਨ ਮਨਜੀਤ ਸਿੰਘ ਤਰਸਿਕਾ, ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਹਰਵਿੰਦਰ ਸਿੰਘ ਪੱਪੂ ਕੋਟਲਾ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਜ਼ੈਲ ਸਿੰਘ ਗੋਪਾਲਪੁਰਾ, ਡੀ ਐਸ ਪੀ ਵਿਸ਼ਾਲ ਜੀਤ ਸਿੰਘ, ਐਸ ਐਚ ਓ ਰਾਜਬੀਰ ਸਿੰਘ, ਮੈਨੇਜਰ ਜਸਪਾਲ ਸਿੰਘ, ਦਿਲਬਾਗ ਸਿੰਘ ਲਹਿਰਕਾ, ਸਰਪੰਚ ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਨਾਨਕ ਸਿੰਘ ਪ੍ਰਧਾਨ, ਦੁਰਗਾ ਦਾਸ, ਗੁਰਮੀਤ ਸਿੰਘ ਮੱਤੇਵਾਲ, ਹਰਪਾਲ ਸਿੰਘ, ਸਰਬਜੀਤ ਕੌਰ, ਲਖਵਿੰਦਰ ਸਿੰਘ ਘੁੰਮਣ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply