ਖ਼ਾਲਸਾ ਕਾਲਜ ਵਿਖੇ ਪੰਜਾਬ ਦੀ ਆਰਥਿਕ ਦਿਸ਼ਾ ‘ਤੇ ਸੈਮੀਨਾਰ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਦੇ ਆਰਥਿਕ ਦਿਸ਼ਾ ਵਿਸ਼ੇ ‘ਤੇ ਇਕ ਸੈਮੀਨਾਰ ਦੌਰਾਨ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਮੁੱਖੀ ਅਤੇ ਪ੍ਰੋ: ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦਾ ਖੇਤੀਬਾੜੀ ਕਿੱਤਾ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਹੀ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੀ ਆਰਥਿਕ ਦਿਸ਼ਾ ਤਰਸਯੋਗ ਹੋਣ ਦੇ ਕਗਾਰ ‘ਤੇ ਪਹੁੰਚ ਜਾਵੇਗੀ।
ਪ੍ਰੋ: ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਅਤਿ ਕਮਜ਼ੋਰ ਸਥਿਤੀ ‘ਤੇ ਪਹੁੰਚ ਰਹੀ ਹੈ, ਜਿਸਦਾ ਮੁੱਖ ਕਾਰਨ ਖੇਤੀਬਾੜੀ ਨੂੰ ਦਰਪੇਸ਼ ਔਕੜਾਂ ਜਿਵੇਂ ਕਿ ਕਿਸਾਨਾਂ ‘ਤੇ ਵੱਧਦੇ ਕਰਜ਼ਿਆਂ ਦਾ ਬੋਝ, ਕਿਸਾਨਾਂ ਦੁਆਰਾ ਕੀਤੀਆਂ ਖੁਦਕਸ਼ੀਆਂ, ਨਿਘਰਦੀ ਆਰਥਿਕ ਹਾਲਤ ਅਤੇ ਵਾਤਾਵਰਣ ਸਬੰਧੀ ਮੁੱਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪੂਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਸਵੈ-ਨਿਰਭਰ ਬਣਾਇਆ ਸੀ ਪਰ ਹੁਣ ਚੁਣੌਤੀਆਂ ਦਾ ਸਾਹਮਣਾ ਸੂਬੇ ਨੂੰ ਇਕੱਲਿਆਂ ਹੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸੂਬੇ ਵਿੱਚ ਵੱਧਦੇ ਨਸ਼ਿਆਂ ਦੇ ਰੁਝਾਨ ਅਤੇ ਗੈਰ-ਕਾਨੂੰਨੀ ਪਲਾਇਨ ਨੂੰ ਵੀ ਵਿਗੜਦੀ ਖੇਤੀਬਾੜੀ ਦੀ ਦਿਸ਼ਾ ਦਾ ਕਾਰਨ ਦੱਸਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਸੈਮੀਨਾਰ ਵਿੱਚ ਬੋਲਦਿਆਂ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਖਾਸ ਕਰਕੇ ਮੁਫ਼ਤ ਬਿਜਲੀ ਕਿਸੇ ਵੀ ਤਰ੍ਹਾਂ ਕਿਸਾਨ ਦੇ ਹੱਕ ਵਿੱਚ ਨਹੀਂ, ਕਿਉਂਕਿ ਜਦੋਂ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨਿਰਧਾਰਿਤ ਕੀਤਾ ਜਾਂਦਾ ਹੈ ਤਾਂ ਉਹ ਸਬਸਿਡੀਆਂ ਦਿੱਤੇ ਜਾਣ ਕਾਰਨ ਘੱਟ ਜਾਂਦਾ ਹੈ, ਜਿਸਦਾ ਨੁਕਸਾਨ ਸਿੱਧੇ ਤੌਰ ‘ਤੇ ਕਿਸਾਨ ਨੂੰ ਉਠਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਇੰਡਸਟਰੀ ਨੂੰ ਬੜ੍ਹਾਵਾ ਦੇਣ ਵਿੱਚ ਜਿਆਦਾ ਵਿਸ਼ਵਾਸ਼ ਰੱਖ ਰਹੀ ਹੈ, ਨਾ ਕਿ ਖੇਤੀਬਾੜੀ ਨੂੰ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਿਸਾਨ ਮੰਦੀ ਦੀ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਸੈਮੀਨਾਰ ਖੇਤੀਬਾੜੀ ਦੇ ਅਸਲੀ ਮੁੱਦਿਆਂ ‘ਤੇ ਚਾਨਣਾ ਪਾਉਣ ਵਿੱਚ ਸਹਾਈ ਸਿੱਧ ਹੁੰਦਾ ਹਨ। ਇਸ ਮੌਕੇ ਵਿਭਾਗ ਦੀ ਮੁੱਖੀ ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਦਵਿੰਦਰ ਸਿੰਘ ਰਜਿਸਟਰਾਰ, ਪ੍ਰੋ: ਸੁਖਜੀਤ ਸਿੰਘ, ਪ੍ਰੋ: ਗੁਰਵੇਲ ਸਿੰਘ ਮੱਲ੍ਹੀ ਅਤੇ ਪ੍ਰੋ: ਹਰਬਿਲਾਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media