
ਜੰਡਿਆਲਾ, 14 ਅਕਤੂਬਰ (ਹਰਿੰਦਰਪਾਲ ਸਿੰਘ) – ਸ੍ਰੀ ਸਾਈ ਗਰੁੱਪ ਆਫ ਇੰਸਟੀਚਿਊਟਸ ਦੇ ਮਾਨਾਵਾਲਾ ਕੈਂਪਸ ਵਿੱਚ ਨਵੇਂ ਸ਼ੈਸ਼ਨ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫ਼ਰੈਸ਼ਰ ਪਾਰਟੀ ‘ਆਗਾਜ਼-2015’ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿੱਚ ਸ੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਇੰਜ: ਐਸ.ਕੇ ਪੁੰਜ ਅਤੇ ਐਮ.ਡੀ ਸ੍ਰੀਮਤੀ ਤ੍ਰਿਪਤਾ ਪੁੰਜ ਮੁੱਖ ਮਹਿਮਾਨ ਵਜੋਂ ਪੁੱਜੇ। ਕੈਂਪਸ ਵਿੱਚ ਪਹੁੰਚਣ ‘ਤੇ ਉਨ੍ਹਾ ਦਾ ਸਵਾਗਤ ਡੀਨ, ਵਿਦਿਆਰਥੀ ਮਾਮਲੇ ਡਾ. ਐਚ.ਐਸ ਰਾਓ ਨੇ ਕੀਤਾ। ਪ੍ਰੋਗਰਾਮ ਦਾ ਸ਼ੱਭ ਅਰੰਭ ਇੰਜ: ਐਸ.ਕੇ ਪੁੰਜ, ਸ੍ਰੀਮਤੀ ਤ੍ਰਿਪਤਾ ਪੁੰਜ, ਸ੍ਰੀ ਰਾਮ ਲੁਭਾਇਆ, ਡਾ. ਐਚ.ਐਸ ਰਾਓ, ਡਾ. ਰਚਿਤ ਗਰਗ ਆਦਿ ਨੇ ਸ਼ਮਾ ਰੋਸ਼ਨ ਕਰਕੇ ਕੀਤਾ।ਪ੍ਰੋਗਰਾਮ ਵਿੱਚ ਫੈਜਲ ਨੂੰ ਮਿਸਟਰ ਫ਼ਰੈਸ਼ਰ ਅਤੇ ਹਰਨੀਤ ਕੌਰ ਢਿੱਲੋਂ ਨੂੰ ਮਿਸ ਫ਼ਰੈਸ਼ਰ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੁਕਾਬਲੇ ਵਿੱਚ ਸਿਮਰਪ੍ਰੀਤ ਸਿੰਘ ਨੂੰ ਮਿਸਟਰ ਹੈਂਡਸਮ ਅਤੇ ਚਕਸ਼ੂ ਨੂੰ ਮਿਸ ਚਾਰਮਿੰਗ ਚੁਣਿਆ ਗਿਆ।
ਪ੍ਰੋਗਰਾਮ ਦਾ ਅਰੰਭ ਸ਼ਬਦ ਗਾਇਣ ਨਾਲ ਹੋਇਆ, ਜਿਸ ਉਪਰੰਤ ਗਰੁੱਪ ਡਾਂਸ, ਗਰੁੱਪ ਸਾਂਗ, ਗਿੱਧਾ ਅਤੇ ਭੰਗੜਾ ਪੇਸ਼ ਕੀਤੇ ਗਏ।ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਇਸ ਬਿਹਤਰੀਨ ਪ੍ਰੋਗਰਾਮ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਆਕਾਸ਼ਦੀਪ ਬਾਵਾ ਨੇ ਲੋਕ ਗੀਤਾਂ ਨਾਲ ਪੁੰਜ ਜੋੜੀ ਨੂੰ ਬਹੁਤ ਪ੍ਰਭਾਵਿਤ ਕੀਤਾ, ਜਿੰਨਾਂ ਨੇ ਬਾਵਾ ਨੂੰ ਵਿਸ਼ੇਸ਼ ਇਨਾਮ ਦੇ ਕੇ ਨਿਵਾਜ਼ਿਆ। ਕਾਲਜ ਦੇ ਸੀ.ਏ.ਓ. ਸ੍ਰੀ ਰਾਮ ਲੁਭਾਇਆ ਅਤੇ ਵਿਦਿਆਰਥੀ ਮਾਮਲਿਆਂ ਦੇ ਡੀਨ ਡਾ. ਐਚ.ਐਸ ਰਾਓ ਨੇ ਸੰਸਥਾ ਵੱਲੋਂ ਇੰਜ: ਐਸ.ਕ .ਪੁੰਜ ਅਤੇ ਐਮ.ਡੀ ਸ੍ਰੀਮਤੀ ਤ੍ਰਿਪਤਾ ਪੁੰਜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸ਼ਾਮ ਦੇ ਪ੍ਰੋਗਰਾਮ ਵਿੱਚ ਮਸ਼ਹੂਰ ਪੰਜਾਬੀ ਲੋਕ ਗਾਇਕ ‘ਜੱਸ ਬਾਜਵਾ’ ਨੇ ਸੰਸਥਾ ਦੇ ਵਿਹੜੇ ਵਿੱਚ ਆਪਣੀ ਨਿੱਘੀ ਛਾਪ ਛੱਡੀ। ਉਨ੍ਹਾਂ ਨੇ ਆਪਣੇ ਬਹੁਤ ਪ੍ਰਸਿੱਧ ਲੋਕ ਗੀਤਾਂ ‘ਚੱਕਵੀਂ ਮੰਡੀਰ’, ‘ਤੇਰਾ ਟਾਈਮ’ ਅਤੇ ਨਵੀਂ ਐਲਬਮ ਦੇ ਗੀਤ ‘ਸਿਆਲ’ ਨੂੰ ਗਾ ਕੇ ਸਮੂੰਹ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ‘ਫੀਲਿੰਗ’ ਗੀਤ ਤੇ ਵਿਦਿਆਰਥੀਆਂ ਨੇ ਖੂਬ ਭੰਗੜਾ ਪਾਇਆ। ਇੰਜ: ਐਸ.ਕੇ. ਪੁੰਜ, ਸ੍ਰੀਮਤੀ ਤ੍ਰਿਪਤਾ ਪੁੰਜ ਅਤੇ ਡਾ. ਐਚ.ਐਸ.ਰਾਓ ਨੇ ਕਾਲਜ ਵੱਲੋਂ ਜੱਸ ਬਾਜਵਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਚੇਅਰਮੈਨ ਇੰਜ: ਐਸ.ਕੇ ਪੁੰਜ ਨੇ ਜੱਸ ਬਾਜਵਾ ਨੂੰ ਕਾਲਜ ਵਿਹੜੇ ਵਿੱਚ ਪਹੁੰਚਣ ਤੇ ਵਧਾਈ ਤੇ ਉਨ੍ਹਾਂ ਨੂੰ ਨਵੀਂ ਐਲਬਮ ਦੀ ਸਫਲਤਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਇੰਜ: ਐਸ.ਕੇ ਪੁੰਜ ਨੇ ਆਪਣੇ ਸੁਨੇਹੇ ਵਿੱਚ ਸਮੂੰਹ ਸਟਾਫ ਅਤੇ ਵਿਦਿਆਰਥੀਆਂ ਜੀ ਆਇਆਂ ਕਿਹਾ। ਉਨ੍ਹਾਂ ਨੇ ਨੇੜਲੇ ਪਿੰਡਾਂ ਖਾਸ ਤੌਰ ਤੇ ਚੁੰਘ, ਗੁਰੂ ਕੀ ਬੇਰ, ਰਈਆ, ਘੁਮਾਨ, ਬੁੱਟਰ ਕਲਾਂ, ਖੱਬੇ ਰਾਜਪੂਤਾਂ, ਗੱਗਰ ਭਾਣਾ, ਭੋਮਾ, ਡਾਕੋਰਾ, ਅੱਠਵਾਲ, ਬੁਟਾਲਾ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਤੇ ਇੰਜ: ਕਾਲਜ ਦੇ ਪ੍ਰਿੰਸੀਪਲ ਡਾ. ਰਚਿਤ ਗਰਗ, ਮੈਨੇਜਮੈਂਟ ਦੇ ਪ੍ਰਿੰਸੀਪਲ ਡਾ. ਸੰਜੇ ਬਹਿਲ, ਪੋਲੀਟੈਕਨੀਕ ਦੇ ਪ੍ਰਿੰਸੀਪਲ ਸ੍ਰੀ ਕੇ.ਐਸ ਵਾਲੀਆ, ਸ੍ਰੀ ਐਨ.ਐਲ ਅਰੋੜਾ, ਸ੍ਰੀ ਐਨ.ਕੇ ਸ਼ਰਮਾ, ਸ੍ਰੀ ਚਮਨ ਲਾਲ ਰਜਿਸਟਰਾਰ ਤੋਂ ਇਲਾਵਾ ਮੁਕੇ ਲਵਲੀ, ਜੱਸਪ੍ਰੀਤ ਸਿੰਘ, ਮੀਨੂ ਪੁੰਜ, ਅਮਨ ਪੁੰਜ, ਪੂਜਾ ਸ਼ਰਮਾ ਅਤੇ ਪ੍ਰਦੀਪ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ, ਸਟਾਫ ਤੇ ਵਿਦਿਆਰਥੀ ਮੌਜੂਦ ਸਨ।
Punjab Post Daily Online Newspaper & Print Media