Friday, July 24, 2026

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ-ਗਲੀਆਂ ਲਈ 3.11 ਕਰੋੜ ਜਾਰੀ – ਜੋਸ਼ੀ

Anil Joshiਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਗਲੀਆਂ ਤੇ ਸੜਕਾਂ ਦੇ ਨਵ-ਨਿਰਮਾਣ ਲਈ 3.11 ਕਰੋੜ ਰੁਪਏ ਖਰਚੇ ਜਾਣਗੇ ਜਿਸ ਨਾਲ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣਾ ਹੋਰ ਸੁਖਾਲਾ ਹੋਵੇਗਾ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਗਲੀਆਂ/ਸੜਕਾਂ ‘ਤੇ ਸੀ.ਸੀ.ਫਰਸ਼/ਪ੍ਰੀਮਿਕਸ/ਇੰਟਰਲਾਕਿੰਗ ਟਾਈਲਾਂ ਲਗਾਉਣ ਨੂੰ ਲੈ ਕੇ ਪੰਜਾਬ ਰਾਜ ਬੁਨਿਆਦੀ ਢਾਂਚਾ ਬੋਰਡ ਤੋਂ 3.11 ਕਰੋੜ ਰੁਪਏ ਦੇ ਤਖਮੀਨੇ ਬਣਾ ਕੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਵਿਚ ਇਨ੍ਹਾਂ ਲੋੜਾਂ ਬਾਰੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ ਸੀ। ਇਨ੍ਹਾਂ ਸੜਕਾਂ ਵਿਚ ਚਾਟੀਵਿੰਡ ਗੇਟ, ਬਾਬਾ ਭੌਡੀ ਵਾਲਾ ਚੌਕ, ਅੰਦਰੂਨੀ ਸੁਲਤਾਨਵਿੰਡ ਗੇਟ, ਰਾਮਸਰ ਰੋਡ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੀਆਂ ਸਾਈਡਾਂ ‘ਤੇ ਸੀ.ਸੀ.ਫਰਸ਼ ਪਾਉਣ ਦਾ ਕੰਮ ਅਤੇ ਹੋਰ ਇਲਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਜਾਣ ਵਾਲੀਆਂ ਸੜਕਾਂ ‘ਤੇ ਪ੍ਰੀਮਿਕਸ ਪਾਉਣਾ/ਇੰਟਰਲਾਕਿੰਗ ਟਾਈਲਾਂ/ਲੁੱਕ/ਸੈਮੀਡੈਂਸ ਲੁੱਕ ਕੰਕਰੀਟ/ ਪ੍ਰੀਮਿਕਸ ਕਾਰਪੈਟ ਆਦਿ ਦੇ ਕੰਮ ਸ਼ਾਮਲ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਜਾਣਾ ਹੋਰ ਸੁਖਾਲਾ ਹੋਵੇਗਾ ਅਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ। ਸ੍ਰੀ ਜੋਸ਼ੀ ਨੇ ਦੱਸਿਆ ਕਿ ਸ਼ਹਿਰ ਦੇ ਚਹੁੰ-ਮੁਖੀ ਵਿਕਾਸ ਲਈ ਛੇਤੀ ਹੀ ਇਕ ਵੱਡੀ ਰਾਸ਼ੀ ਜਾਰੀ ਕੀਤੀ ਜਾਵੇਗੀ ਤਾਂ ਜੋ ਵਿਕਾਸ ਦੇ ਬਕਾਇਆ ਪਏ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾ ਸਕੇ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply