
ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀਆਂ, ਢਾਡੀਆਂ, ਕਥਾਵਾਚਕਾਂ, ਕਵੀਸ਼ਰਾਂ, ਪ੍ਰਚਾਰਕਾਂ ਅਤੇ ਵੱਡੀ ਗਿਣਤੀ ‘ਚ ਸ਼੍ਰੋਮਣੀ ਕਮੇਟੀ ਮੁਲਾਜਮਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਿਲਾਫ ਜੋਰਦਾਰ ਰੋਸ ਦਾ ਪ੍ਰਗਟਾਵਾ ਕਰਦਿਆਂ ਜਥੇਦਾਰੋ ਜਾਓ! ਗਲਾਂ ਵਿਚ ਤਖਤੀਆਂ ਪਾ ਕੇ ਕੌਮ ਦੇ ਸਾਹਮਣੇ ਆਓ, ਅਸਤੀਫੇ ਦੇ ਕੇ ਘਰ ਬੈਠੋ ਤੇ ਪਸ਼ਚਾਤਾਪ ਕਰੋ’ ਵਰਗੇ ਨਾਅਰੇ ਲਾਏ ਗਏ।
ਸ੍ਰੀ ਅਕਾਲ ਵਲੋਂ ਤਖਤ ਡੇਰਾ ਸਿਰਸਾ ਮੁੱਖੀ ਨੁੰ ਬਿਨ ਮੰਗੀ ਮੁੁਆਫੀ ਦੇਣ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਦੇ ਪਸ਼ਚਾਤਾਪ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਟਾਫ ਵਲੋਂ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਮੂੰਹ ਰਾਗੀ ਸਾਹਿਬਾਨ ਵਲੋਂ ਸ਼ਹਿਰ ਦੀਆਂ ਵੱਖ ਵੱਖ ਰਾਗੀ ਜਥੇਬੰਦੀਆਂ ਅਤੇ ਗੁਰੂੁ ਘਰ ਦੇ ਕੀਰਤਨੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੇੜਲੇ ਕਮਰਾ ਨੰਬਰ 12 ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਸਨ।ਸਭਾ ਵਲੋਂ ਰਖਵਾਏ ਗਏ ਭੋਗ ਸਮਾਗਮ ਦੇ ਬਾਅਦ ਰਾਗੀ ਸਭਾ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਸਹੀਦ ਬਾਬਾ ਦੀਪ ਸਿੰਘ ਤੱਕ ਕਾਲੀਆਂ ਦਸਤਾਰਾਂ ਸਜਾ ਕੇ, ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ੍ਹਕੇ ਰੋਸ ਮਾਰਚ ਕੱਢਣਾ ਸੀ।ਇਸ ਪਸ਼ਚਾਤਾਪ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਵੀ ਸ਼ਾਮਿਲ ਹੋਏ।ਸਮਾਗਮ ਦੀ ਸਮਾਪਤੀ ‘ਤੇ ਡਾ: ਰੂਪ ਸਿੰਘ ਅਤੇ ਬੇਦੀ ਨੇ ਰਾਗੀਆਂ ਨੂੰ ਰੋਸ ਮਾਰਚ ਕੱਢਣ ਤੋਂ ਪਹਿਲਾਂ ਕਮੇਟੀ ਮੁਲਾਜਮਾਂ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ ।
ਰਾਗੀ, ਢਾਡੀ, ਕਥਾਵਾਚਕ, ਕਵੀਸ਼ਰ ਅਤੇ ਪ੍ਰਚਾਰਕ ਜਦ ਮੰਜੀ ਸਾਹਿਬ ਦੀਵਾਨ ਅਸਥਾਨ ਪੁੱਜੇ ਤਾਂ ਗਿਆਨੀ ਗੁਰਬਚਨ ਸਿੰਘ ਜੋ ਪਹਿਲਾਂ ਹੀ ਸਟੇਜ ਤੇ ਬੈਠੇ ਹੋਏ ਸਨ ਨੂੰ ਪ੍ਰਬੰਧਕਾਂ ਨੇ ਪ੍ਰਚਾਰਕਾਂ ਦੀ ਭਾਵਨਾ ਮਹਿਸੂਸ ਕਰਦਿਆਂ ਬੋਲਣ ਦਾ ਮੌਕਾ ਨਾ ਦੇ ਕੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਨੂੰ ਹੀ ਸਟੇਜ ਤੋਂ ਬੁਲਾਇਆ, ਕੋਈ ਕੀਰਤਨ ਨਹੀ ਕਰਵਾਇਆ ਤੇ ਛੇਤੀ ਨਾਲ ਸਮਾਪਤੀ ਕਰ ਦਿੱਤੀ। ਸਮਾਪਤੀ ਉਪਰੰਤ ਜਿਉਂ ਹੀ ਗਿਆਨੀ ਗੁਰਬਚਨ ਸਿੰਘ ਦੀਵਾਨ ਅਸਥਾਨ ਦੇ ਗੇਟ ਨੇੜੇ ਪੁੱਜੇ ਤਾਂ ਹਜੂਰੀ ਰਾਗੀ ਭਾਈ ਕਾਰਜ ਸਿੰਘ, ਭਾਈ ਹਰਚਰਨ ਸਿੰਘ, ਭਾਈ ਰਵਿੰਦਰ ਸਿੰਘ, ਕਮੇਟੀ ਦੇ ਹੈਡ ਪ੍ਰਚਾਰਕ ਭਾਈ ਸੁਰਜੀਤ ਸਿੰਘ, ਸੁਪਰਵਾਈਜਰ ਭਾਈ ਹਰਪਾਲ ਸਿੰਘ, ਅਰਦਾਸੀਆ ਭਾਈ ਕੁਲਵਿੰਦਰ ਸਿੰਘ ਨੇ ਉਨਾਂ ਉਪਰ ਇਹ ਕਹਿੰਦਿਆਂ ਸਵਾਲਾਂ ਦੀ ਝੜੀ ਲਗਾ ਦਿੱਤੀ ਕਿ ‘ਤੈਨੂੰ ਸੱਦਿਆ ਕਿਸ ਨੇ ਹੈ, ਜਥੇਦਾਰੋਂ ਤੁਸੀ ਪਾਪੀ ਹੋ, ਕੌਮ ਦਾ ਹੋਰ ਬੇੜਾ ਗਰਕ ਨਾ ਕਰੋ, ਜਾਓ ਪਹਿਲਾਂ ਗਲਾਂ ਵਿੱਚ ਤਖਤੀਆਂ ਪਾ ਕੇ ਕੌਮ ਦੇ ਸਾਹਮਣੇ ਪੇਸ਼ ਹੋਵੋ, ਅਸਤੀਫੇ ਦਿਓ ਤੇ ਘਰਾਂ ‘ਚ ਬੈਠ ਕੇ ਪਸ਼ਚਾਤਾਪ ਕਰੋ’।ਰਾਗੀ ਢਾਡੀ ਤਾਂ ਇਥੋਂ ਤੀਕ ਕਹਿ ਦਿੱਤਾ ਕਿ’ ਜਥੇਦਾਰਾਂ ਨੇ ਤਾਂ ਉਨਾਂ ਨੂੰ ਕੌਮ ਨੂੰ ਮੂੰਹ ਵਿਖਾਉਣ ਜੋਗੇ ਨਹੀ ਛੱਡਿਆ, ਲੋਕ ਗਾਲਾਂ੍ਹ ਕੱਢਦੇ ਨੇ ਤੇ ਤੁਸੀਂ ਸਰਕਾਰੀ ਗਨਮੈਨ ਲੈ ਕੇ ਲੁਕੇ ਫਿਰਦੇ ਹੋ’।ਇਸ ‘ਤੇ ਗਿਆਨੀ ਜੀ ਸੁੁਰੱਖਿਆ ਟੀਮ ਨਾਲ ਕਾਹਲੀ ਕਾਹਲੀ ਪ੍ਰਕਰਮਾ ਰਸਤੇ ਨੂੰ ਰਿਹਾਇਸ਼ ਵੱਲ ਤੁਰ ਪਏ।ਦੱਸਣਯੋਗ ਹੈ ਕਿ ਹੈ ਕਿ 24 ਸਤੰਬਰ ਨੂੰ ਡੇਰਾ ਮੁਖੀ ਨੂੰ ਮੁਆਫੀ ਦੇਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਅੱਜ ਪਹਿਲੀ ਵਾਰ ਸ਼ਰੋਮਣੀ ਕਮੇਟੀ ਦੇ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਘਰੋਂ ਨਿਕਲੇ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media