ਪੰਜਗਰਾਈ ਅਤੇ ਆਸਪਾਸ ਪਿੰਡਾਂ ਦੀਆਂ ਪੰਚਾਇਤਾਂ ਕਰਾਈਆਂ ਪੱਤਰਕਾਰਾਂ ਦੇ ਰੂਬਰੂ
ਬਠਿੰਡਾ, 22 ਅਕਤੂਬਰ, (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਪ੍ਰੈਸ ਕਲੱਬ ਵਿਚ ਭਾਈ ਪੰਥਪ੍ਰੀਤ ਸਿੰਘ ਨੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਪਿੰਡ ਦੀ ਪੰਚਾਇਤ ਨੂੰ ਪੇਸ਼ ਕਰਕੇ ਇਹ ਗੱਲ ਸਪੱਸਟ ਕਰਵਾਈ ਕਿ ਉਨ੍ਹਾਂ ਦੇ ਸਾਹਮਣੇ ਪੁਲੀਸ ਨੇ ਉਨ੍ਹਾਂ ਦੋਵਾਂ ਦੇ ਦੋਸ਼ੀ ਹੋਣ ਬਾਰੇ ਕੋਈ ਸਬੂਤ ਪੇਸ਼ ਕੀਤੇ ਅਤੇ ਨਾ ਹੀ ਕੋਈ ਆਜਿਹਾ ਕੰਮ ਕਰਨ ਵਾਲੀ ਗੱਲ ਕਬੂਲ ਕੀਤੀ।ਪਿੰਡ ਪੰਜਗਰਾਈਂ ਦੇ ਸਰਪੰਚ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਮਿਲਾਇਆ ਹੀ ਨਹੀ ਗਿਆ।ਉਨ੍ਹਾਂ ਦੇ ਨਾਲ ਆਈਆਂ ਆਸਪਾਸ 5-6 ਪਿੰਡਾਂ ਦੀਆਂ ਹੋਰ ਪੰਚਾਇਤਾਂ ਨੇ ਵੀ ਸਰਪੰਚ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਗਲਤ ਫਸਾਇਆ ਜਾ ਰਿਹਾ ਹੈ।ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸz: ਪ੍ਰਕਾਸ ਸਿੰਘ ਬਾਦਲ ਆਪਣੇ ਬਿਆਨਾਂ ਵਿਚ ਇਹ ਗੱਲ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਪੁਲੀਸ ਕਾਰਵਾਈ ਤੇ ਸ਼ੰਕਾ ਹੈ, ਉਹ ਉਸ ਪਿੰਡ ਦੀ ਪੰਚਾਇਤ ਤੋਂ ਜਾ ਕੇ ਪੁੱਛ ਲਵੋਂ ਕਿ ਕਾਰਵਾਈ ਸਹੀ ਹੈ ਜਾਂ ਨਹੀ, ਪਰ ਅੱਜ ਉਸੇ ਪਿੰਡ ਦੀ ਨਹੀ ਬਲਕਿ ਆਸਪਾਸ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਗੱਲ ਸਾਫ ਕਰ ਦਿੱਤੀ ਕਿ ਪੁਲੀਸ ਕਾਰਵਾਈ ਗਲਤ ਅਤੇ ਸ਼ੱਕੀ ਹੈ।ਉਨ੍ਹਾਂ ਨੇ ਇਹ ਗੱਲ ਵੀ ਸਾਫ਼ ਕੀਤੀ ਕਿ 15-16 ਦੀ ਰਾਤ ਨੂੰ ਦੋਵਾਂ ਭਰਾਵਾਂ ਨੂੰ ਘਰੋਂ ਚੁੱਕਿਆ ਗਿਆ ਅਤੇ ਉਸ ਤੋਂ ਬਾਅਦ ਦੁਨੀਆਂ ਸਾਹਮਣੇ ਉਨ੍ਹਾਂ ਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ।ਭਾਈ ਪੰਥਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਨੇ ਕੋਈ ਗੁਰੂ ਸਾਹਿਬ ਦੇ ਅੰਗ ਰੁਪਿੰਦਰ ਸਿੰਘ ਦੇ ਹਵਾਲੇ ਨਹੀ ਕੀਤੇ ਬਲਕਿ ਉਨ੍ਹਾਂ ਨੂੰ ਪਾਲਕੀ ਵਿਚ ਸਜਾ ਕੇ ਬੇਅੰਤ ਸਿੰਘ ਦੇ ਘਰ ਰੱਖਿਆ ਗਿਆ ਸੀ, ਜਿੱਥੋਂ ਪੱਤਰਕਾਰਾਂ ਦੀ ਹਾਜ਼ਰੀ ਵਿਚ ਪੁਲੀਸ ਜਾਂਚ ਲਈ ਲੈ ਗਈ ਸੀ।
Punjab Post Daily Online Newspaper & Print Media
