ਸਥਾਨਕ ਸਰਕਾਰਾਂ ਦੀ ਮਜ਼ਬੂਤੀ ਅਤੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਹੋਈਆਂ ਵਿਚਾਰਾਂ
ਅੰਮ੍ਰਿਤਸਰ, 25 ਅਕਤੂਬਰ (ਗੁਰਚਰਨ ਸਿੰਘ)- ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਅਖਿਲ ਭਾਰਤੀ ਮੇਅਰ ਪ੍ਰੀਸ਼ਦ (ਏ. ਆਈ. ਸੀ. ਐਮ) ਦੀ ਕਾਰਜਕਾਰਨੀ ਸਮਿਤੀ ਦੀ 108ਵੀਂ ਦੋ ਰੋਜ਼ਾ ਕਾਨਫਰੰਸ ਅੱਜ ਸਥਾਨਕ ਐਮ. ਕੇ ਇੰਟਰਨੈਸ਼ਨਲ ਹੋਟਲ ਵਿਖੇ ਸ਼ੁਰੂ ਹੋ ਗਈ। ਇਸ ਬੈਠਕ ਵਿਚ ਮੁਲਕ ਭਰ ਵਿੱਚੋਂ 50 ਤੋਂ ਵੱਧ ਉੱਚ ਸ਼ਖਸੀਅਤਾਂ ਸ਼ਿਕਰਤ ਕਰ ਰਹੀਆਂ ਹਨ, ਜਿਨ੍ਹਾਂ ਵਿਚ ਨਗਰ ਨਿਗਮਾਂ ਦੇ ਮੇਅਰ, ਸਾਬਕਾ ਮੇਅਰ, ਮੰਤਰੀ ਅਤੇ ਸੰਸਦ ਮੈਂਬਰ ਸ਼ਾਮਲ ਹਨ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਸ ਕਾਨਫਰੰਸ ਦਾ ਸ਼ਮ੍ਹਾਂ ਰੌਸ਼ਨ ਕਰਕੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਭਾਜਪਾ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਘ, ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ, ਨਗਰ ਨਿਗਮ ਅੰੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ, ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਅੰਮ੍ਰਿਤਸਰ ਨਗਰ ਨਿਗਮ ਦੇ ਮਾਣਮੱਤੇ ਇਤਿਹਾਸ ਅਤੇ ਪ੍ਰਾਪਤੀਆਂ ਸਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਥਾਨਕ ਸਰਕਾਰਾਂ ਦੀ ਅਹਿਮੀਅਤ ਬਹੁਤ ਵੱਧ ਗਈ ਹੈ, ਕਿਉਂਕਿ ਲੋਕ ਇਨ੍ਹਾਂ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਸਥਾਨਕ ਸਰਕਾਰਾਂ ਦੀ ਮਜ਼ਬੂਤੀ ਅਤੇ ਇਨ੍ਹਾਂ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਵਿਚ ਬੇਹੱਦ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦਾ ਸੂਬਾ ਅਤੇ ਕੇਂਦਰ ਸਰਕਾਰ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਜੇਕਰ ਸਥਾਨਕ ਸਰਕਾਰਾਂ ਮਜ਼ਬੂਤ ਹੋਣਗੀਆਂ ਤਾਂ ਹੀ ਸੂਬੇ ਅਤੇ ਮੁਲਕ ਤਰੱਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 74ਵੀਂ ਸੰਵਿਧਾਨਕ ਸੋਧ ਸਬੰਧੀ ਨਿਗਮਾਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਅ ਸਰਕਾਰ ਤੱਕ ਪਹੁੰਚਾਏ ਜਾਣਗੇ।
ਮੱਧ ਪ੍ਰਦੇਸ਼ ਦੇ ਉਚੇਰੀ, ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਇਸ ਮੌਕੇ ਕਿਹਾ ਕਿ ਅਜੋਕੇ ਸਮੇਂ ਵਿਚ ਤਿੰਨ ਪੜਾਵੀ ਸਰਕਾਰ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਸੁਰਜੀਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਮਨਸ਼ੇ ਨਾਲ ਸੰਵਿਧਾਨ ਵਿਚ 74ਵੀਂ ਸੋਧ ਕੀਤੀ ਗਈ ਸੀ, ਉਸ ਅਨੁਸਾਰ ਕੰਮ ਨਹੀਂ ਹੋ ਸਕਿਆ। ਇਸ ਲਈ ਅੱਜ ਲੋੜ ਹੈ ਕਿ ਅਸੀਂ ਨਗਰਾਂ ਦੇ ਵਿਕਾਸ ਲਈ ਮਿੱਥੇ ਗਏ ਟੀਚੇ ਪ੍ਰਾਪਤ ਕਰਨ ਲਈ ਜੀਅ-ਜਾਨ ਨਾਲ ਕੰਮ ਕਰੀਏ।
ਏ.ਆਈ.ਸੀ.ਐਮ. ਦੇ ਪ੍ਰਧਾਨ ਅਤੇ ਦੇਹਰਾਦੂਨ (ਉਤਰਾਖੰਡ) ਦੇ ਮੇਅਰ ਸ੍ਰੀ ਵਿਨੋਦ ਚੰਮੋਲੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਥਾਨਕ ਸਰਕਾਰ ਅਜਿਹੀ ਸੰਸਥਾ ਹੈ, ਜਿਹੜੀ ਕਿ ਲੋਕਾਂ ਨਾਲ ਹੇਠਲੇ ਪੱਧਰ ‘ਤੇ ਜੁੜੀ ਹੋਈ ਹੈ। ਇਸ ਲਈ ਇਸ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਨਾਲ ਜਿਥੇ ਸਾਂਝ ਵਧਦੀ ਹੈ, ਉਥੇ ਇਕ-ਦੂਜੇ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਅਤੇ ਕੰਮ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਆਪਣੇ ਅਨੁਭਵ ਸਾਂਝੇ ਕਰਨ ਦਾ ਮੌਕਾ ਵੀ ਮਿਲਦਾ ਹੈ।
ਇਸ ਤੋਂ ਪਹਿਲਾਂ ਨਗਰ ਨਿਗਮ ਅੰੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ, ਜੋ ਕਿ ਏ.ਆਈ.ਸੀ.ਐਮ. ਦੇ ਜਨਰਲ ਸਕੱਤਰ ਵੀ ਹਨ, ਨੇ ਆਏ ਹੋਏ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ ਅਤੇ ਕਿਹਾ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਕਾਨਫਰੰਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਨਿਗਮਾਂ ਨੂੰ ਇਕ-ਦੂਜੇ ਦੀ ਕਾਰਜਸ਼ੈਲੀ ਦਾ ਪਤਾ ਲੱਗੇਗਾ, ਉਥੇ ਉਨ੍ਹਾਂ ਨੂੰ ਆਪਣੇ ਕੰਮਾਂ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਦੇ ਵੀ ਰਾਹ ਨਿਕਲਣਗੇ। ਉਨ੍ਹਾਂ ਦੱਸਿਆ ਕਿ ਭਲਕੇ 26 ਅਕਤੂਬਰ ਨੂੰ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਹੋਣਗੇ ਜਦਕਿ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਕਵਿੰਦਰ ਗੁਪਤਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਿਕਰਤ ਕਰਨਗੇ।
Punjab Post Daily Online Newspaper & Print Media