
ਬਠਿੰਡਾ, 31 ਅਕਤੂੁਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲੋਹ ਪੁਰਸ਼ ਦੇ ਨਾਮ ਨਾਲ ਦੁਨੀਆ ਭਰ ਵਿੱਚ ਪ੍ਰਸਿੱਧ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦਾ ਜਨਮ ਦਿਹਾੜਾ ਸਮੁੱਚੇ ਦੇਸ਼ ਭਰ ਵਿੱਚ ‘ਰਾਸ਼ਟਰੀ ਏਕਤਾ ਦਿਵਸ’ ਵੱਜੋ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰਾਸ਼ਟਰੀ ਏਕਤਾ ਦਿਵਸ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸੁਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੋਕੇ ਸ਼੍ਰੀ ਸੁਮੀਤ ਕੁਮਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮਾਜ ਤੇ ਰਾਸ਼ਟਰ ਦੇ ਹਿੱਤ ਲਈ ਇਕਜੁੱਟ ਹੋ ਕੇ ਰਹਿਣ ਦੀ ਸਹੁੰ ਚੁਕਵਾਈ। ਉਨ੍ਹਾਂ ਕਿਹਾ ਕਿ ਸਰਦਾਰ ਵਲੱਭ ਭਾਈ ਪਟੇਲ ਵਰਗੀਆਂ ਸਖ਼ਸ਼ੀਅਤਾਂ ਦਾ ਜੀਵਨ, ਦੇਸ਼ ਦੀ ਏਕਤਾ ਨੂੰ ਹੀ ਸਮਰਪਿਤ ਰਿਹਾ ਹੈ। ਉਨ੍ਹਾਂ ਦੱਸਿਆ ਸਰਦਾਰ ਪਟੇਲ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਨਾਲ-ਨਾਲ ਦੇਸ਼ ਵਿਚ ਏਕਤਾ ਦਾ ਸੰਦੇਸ਼ ਵੀ ਫੈਲਾਇਆ। ਇਸ ਮੌਕੇ ਉਹਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਦਾਰ ਪਟੇਲ ਦੀ ਦੂਰ ਅੰਦੇਸ਼ੀ ਸੋਚ ਅਤੇ ਕਾਰਜਾਂ ਦੁਆਰਾ ਸੰਭਵ ਬਣਾਈ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਅਤੇ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਅਸੀਂ ਦੇਸ਼ ਦੀ ਤਰੱਕੀ ਦੇ ਲਈ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਆਪਣਾ ਫਰਜ਼ ਨਿਭਾਉਂਦੇ ਹਾਂ, ਤਾਂ ਇਹ ਉਨ੍ਹਾਂ ਮਹਾਂਪੁਰਸ਼ਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਅਵਤਾਰ ਸਿੰਘ, ਸੁਪਰਡੈਂਟ (ਜ) ਅਤੇ ਸੁਪਰਡੈਂਟ (ਮਾਲ) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਇਸ ਤੋਂ ਇਲਾਵਾ ਸਥਾਨਕ ਮਾਲਵਾ ਕਾਲਜ, ਬਠਿੰਡਾ ਵਿਖੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ 140 ਵੇਂ ਜਨਮ ਦਿਵਸ ਨੂੰ ਕੌਮੀ ਏਕਤਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਕਾਲਜ ਵੱਲੋਂ ਸਾਦੇ ‘ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਾਰ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਲੋਹ ਪੁਰਸ਼ ਸਰਦਾਰ ਪਟੇਲ ਨੂੰ ਯਾਦ ਕਰਦਿਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਐਨ.ਕੇ.ਗੋਸਾਈਂ ਨੇ ਸਰਦਾਰ ਪਟੇਲ ਵੱਲੋਂ ਦੇਸ਼ ਵਿਚ ਏਕਤਾ ਅਖੰਡਤਾ ਅਤੇ ਧਰਮ ਨਿਰਪਖਤਾ ਨੂੰ ਕਾਇਮ ਕਰਨ ਲਈ ਪਾਏ ਗਏ ਯੋਗਦਾਨ ਦੀ ਜਾਣਕਾਰੀ ਦਿੰਦਿਆ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਰਦਾਰ ਪਟੇਲ ਦੇ ਸਿਧਾਂਤਾ ਤੇ ਚਲਦੇ ਹੋਏ ਦੇਸ਼ ਦੀ ਸ਼ਾਂਤੀ, ਏਕਤਾ ਤੇ ਸਦਭਾਵਨਾ ਵਾਸਤੇ ਕੰਮ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਤਾਂ ਜੋ ਦੇਸ਼ ਹੋਰ ਤਰੱਕੀ ਕਰ ਸਕੇ। ਇਸ ਮੌਕੇ ਡਾ. ਸਰਬਜੀਤ ਢਿੱਲੋਂ, ਡਿਪਟੀ ਡਾੲਰੈਕਟਰ (ਕੰਪਿਊਟਰ) ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਦਾਰ ਪਟੇਲ ਨੇ ਭਾਰਤ ਦੀ ਏਕਤਾ ਲਈ ਪੰਜ ਸੋ ਤੋ ਵੱਧ ਛੋਟੀਆਂ ਰਿਆਸਤਾ ਨੂੰ ਇਕੱਠਾ ਕਰਕੇ ਦੇਸ਼ ਨੂੰ ਏਕੇ ਦੇ ਸੂਤਰ ਵਿਚ ਬੰਨਿਆ। ਇਸ ਮੌਕੇ ਗੋਰਵ ਗਰਗ ਡਿਪਟੀ ਡਾਇਰੈਕਟਰ (ਪਲੈਨਿੰਗ), ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਕਾਲਜ ਵਿਦਿਆਰਥੀ ਹਾਜਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media