ਅੰਮ੍ਰਿਤਸਰ, 4 ਨਵਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਫਾਈਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ। ਇਸ ਮੇਲੇ ਵਿਚ ਇਕ ਹਜ਼ਾਰ ਤੋਂ ਵੱਧ ਵਿਦਿਆਰਥੀ-ਕਲਾਕਾਰ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 7 ਨਵੰਬਰ ਤਕ ਚੱਲੇਗਾ। ਮੇਲੇ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮ੍ਹਾਂ ਰੌਸ਼ਨ ਕਰਕੇ ਕੀਤਾ। ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਮਰਜੀਤ ਸਿੰਘ ਸਿੱਧੂ ਵੀ ਇਸ ਮੌਕੇ ਹਾਜਰ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਿਆ। ਪ੍ਰੋ. ਬਰਾੜ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਹਮੇਸ਼ਾ ਹੀ ਤਤਪਰ ਹੈ ਅਤੇ ਭਵਿੱਖ ਵਿਚ ਇਸ ਦੇ ਵਿਕਾਸ ਲਈ ਹੋਰ ਵੀ ਅਹਿਮ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੰਗੇ ਸਭਿਆਚਾਰ ਦੇ ਵਿਕਾਸ ਹਿਤ ਯੂਨੀਵਰਸਿਟੀ ਨੇ ਹਮੇਸ਼ਾ ਹੀ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀ ਕਲਾਕਾਰਾਂ ਦੇ ਹਿਤਾਂ ਲਈ ਹਮੇਸ਼ਾ ਹੀ ਹਾਂਪੱਖੀ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਹਮੇਸ਼ਾ ਕਾਰਜ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਯੁਵਕ ਮੇਲੇ ਦੌਰਾਨ ਬਿਨਾਂ ਕਿਸੇ ਸ਼ਰਤ ਦੇ ਨਿਰਪੱਖ ਜੱਜਮੈਂਟ ਕੀਤੀ ਜਾਵੇਗੀ ਤਾਂ ਜੋ ਪ੍ਰਤਿਭਾ ਨੂੰ ਆਪਣਾ ਬਣਦਾ ਸਥਾਨ ਮਿਲ ਸਕੇ।
ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਵੱਲੋ ਯਾਦਗਾਰੀ ਚਿਨ ਦੇ ਕੇ ਸਨਮਾਨਿਤ ਕੀਤਾ। ਮੇਲੇ ਦੀ ਸ਼ੁਰੂਆਤ ਭੰਗੜੇ ਨਾਲ ਹੋਈ। ਇਸ ਉਪਰੰਤ ਸਮੂਹ ਗਾਇਨ (ਭਾਰਤੀ), ਮਾਈਮ, ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਪਹਿਰਾਵਾ ਪ੍ਰਦਰਸ਼ਨੀ, ਮਮਿਕਰੀ, ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ), ਕਲਾਸੀਕਲ ਵੋਕਲ, ਪੇਂਟਿੰਗ, ਕਾਰਟੂਨਿੰਗ, ਪੋਸਟਰ-ਮੇਕਿੰਗ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਹੋਏ।
ਇਸੇ ਤਰ੍ਹਾਂ 5 ਨਵੰਬਰ ਨੂੰ ਇਕਾਂਗੀ, ਕਲਾਸੀਕਲ ਡਾਂਸ, ਲੋਕ ਸਾਜ਼, ਸਮੂਹ ਸ਼ਬਦਫ਼ਭਜਨ, ਵਾਰ ਗਾਇਨ, ਕਵੀਸ਼ਰੀ, ਕਿਊਜ਼, ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਹੋਣਗੇ। 6 ਨਵੰਬਰ ਨੂੰ ਇਕਾਂਗੀ, ਸਕਿੱਟ, ਜਨਰਲ ਡਾਂਸ, ਲੋਕ ਗੀਤ, ਗੀਤਫ਼ਗਜ਼ਲ, ਵੈਸਟਰਨ ਗਰੁੱਪ ਸੌਂਗ, ਐਲੋਕਿਊਸ਼ਨ, ਪੋਇਟੀਕਲ ਸਿੰਪੋਜ਼ੀਅਮ, ਡੀਬੇਟ ਦੇ ਮੁਕਾਬਲੇ ਹੋਣਗੇ। ਮੇਲੇ ਦੇ ਅਤਿਮ ਦਿਨ 7 ਨਵੰਬਰ ਨੂੰ ਗਿੱਧਾ ਅਤੇ ਵੈਸਟਰਨ ਵੋਕਲ ਸੋਲੋ ਦੇ ਮੁਕਾਬਲਿਆਂ ਤੋਂ ਉਪਰੰਤ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media