Saturday, April 11, 2026

ਕਨੇਡਾ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ‘ਤੇ ਜਥੇਦਾਰ ਅਕਾਲ ਤਖਤ ਨੇ ਕੀਤਾ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿੳਰੂੋ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਵੱਲੋ ਆਪਣੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਸ੍ਰੀ ਟਰੂਡੋ ਨੇ ਵਿਸ਼ੇਸ਼ ਕਰਕੇ ਇੱਕ ਪਗੜੀਧਾਰੀ ਸਿੱਖ ਹਰਜੀਤ ਸਿੰਘ ਸੱਜਣ ਨੂੰ ਕਨੇਡਾ ਦਾ ਰੱਖਿਆ ਮੰਤਰੀ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਕਨੇਡਾ ਵਿੱਚ ਸਿੱਖ ਹਰਮਨ ਪਿਆਰੇ ਹੀ ਨਹੀ ਸਗੋ ਦੇਸ਼ ਦੀ ਸੁਰੱਖਿਆ ਦੀ ਵਾਂਗਡੋਰ ਸੰਭਾਲਣ ਦੀ ਸਮੱਰਥਾ ਵੀ ਰੱਖਦੇ ਹਨ।
ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪਗੜੀਧਾਰੀ ਸਿੱਖ ਹਰਜੀਤ ਸਿੰਘ ਦਾ ਸਬੰਧ ਕਨੇਡੀਅਨ ਸੈਨਾ ਨਾਲ ਰਿਹਾ ਹੈ ਤੇ ਉਸ ਦੀ ਲਿਆਕਤ ਨੂੰ ਵੇਖ ਕੇ ਹੀ ਉਸ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹਰਜੀਤ ਸਿੰਘ ਪਿਤਾ ਵੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤੇ ਸਿੱਖੀ ਦੇ ਅਸੂਲ ਤੇ ਪਰੰਪਰਾ ਉਹਨਾਂ ਨੂੰ ਵਿਰਸੇ ਵਿੱਚ ਮਿਲੀਆਂ ਹਨ। ਉਹਨਾਂ ਕਿਹਾ ਕਿ ਬਾਬੇ ਨਾਨਕ ਨੇ ਸਿੱਖਾਂ ਨੂੰ ਜਿਹੜਾ ਕਿਰਤ ਕਰੋ ਤੇ ਵੰਡ ਛੱਕੋ ਦਾ ਸਿਧਾਂਤ ਦਿੱਤਾ ਹੈ ਉਸ ਦੀ ਬਦੌਲਤ ਹੀ ਸਿੱਖ ਦੁਨੀਆਂ ਭਰ ਵਿੱਚ ਜਿਥੇ ਵੀ ਜਾਂਦੇ ਹਨ ਆਪਣੀ ਕਰੜੀ ਮਿਹਨਤ ਨਾਲ ਆਪਣਾ ਸਿੱਕਾ ਜਮਾਉਣ ਦੀ ਸਮੱਰਥਾ ਰੱਖਦੇ ਹਨ। ਉਹਨਾਂ ਕਿਹਾ ਕਿ ਕਨੇਡਾ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਵੱਸਦੇ ਹਨ ਤੇ ਉਥੋ ਦੀ ਤਰੱਕੀ ਵਿੱਚ ਸਿੱਖਾਂ ਨੇ ਹਰ ਖੇਤਰ ਵਿੱਚ ਹਿੱਸਾ ਪਾਇਆ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਤੋ ਇਲਾਵਾ ਸਨਅੱਤੀ ਖੇਤਰ ਤੇ ਟਰਾਂਸਪੋਰਟ ਨਾਲ ਵੀ ਬਹੁਤ ਸਾਰੇ ਸਿੱਖ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਹਰਜੀਤ ਸਿੰਘ ਤੋ ਇਲਾਵਾ ਕਨੇਡੀਆਨ ਸਰਕਾਰ ਵਿੱਚ ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਚੱਗਰ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਨੇਡਾ ਵਿੱਚ ਵੱਸਦੇ ਪੰਜਾਬੀਆ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕੀਤੀ ਕਿ ਮੰਤਰੀ ਬਣਾਏ ਗਏ ਸਿੱਖਾਂ ਨੂੰ ਬਲ, ਬੁੱਧੀ ਤੇ ਸੇਵਾ ਦਾ ਦਾਨ ਬਖਸ਼ਣ ਤਾਂ ਕਿ ਉਹ ਕਨੇਡਾ ਦੀ ਜਨਤਾ ਲਈ ਇੱਕ ਮਿਸਾਲ ਬਣ ਸਕਣ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply