Wednesday, July 15, 2026

ਦੇਸ਼ ਅੰਦਰ ਮੋਦੀ ਹੋਇਆ ਫੈਕਟਰ ਬਿਲਕੁੱਲ ਖਤਮ – ਜੱਸੀ

ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਿਹਾਰ ਦੇ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਅੰਦਰ ਮੋਦੀ ਫੈਕਟਰ ਬਿਲਕੁਲ ਖਤਮ ਹੋ ਗਿਆ ਹੈ। ਇਹ ਵਿਚਾਰ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਪ੍ਰਗਟ ਕੀਤੇ। ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀ ਜੱਸੀ ਨੇ ਕਿਹਾ ਕਿ ਬਿਹਾਰ ਵਿੱਚ ਸਰਕਾਰ ਬਨਾਉਣ ਦਾ ਦਮ ਭਰਨ ਵਾਲੀ ਭਾਜਪਾ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ। ਭਾਜਪਾ ਬਿਹਾਰ ਵਿੱਚ ਤੀਜੇ ਸਥਾਨ ਤੱਕ ਸਿਮਟ ਕੇ ਰਹਿ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ ਭਾਜਪਾ ਨੇ ਮੋਦੀ ਫੈਕਟਰ ਦਾ ਨਾਅਰਾ ਦਿੱਤਾ ਸੀ ਅਤੇ ਉਥੇ ਵੀ ਭਾਜਪਾ ਦਾ ਸਫਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਾਂ ਭਾਜਪਾ ਦੇ ਅਧਾਰ ਤੇ ਕੌਮਾਂ ਲੱਗਿਆ ਸੀ ਪਰ ਬਿਹਾਰ ਵਿੱਚ ਤਾਂ ਭਾਜਪਾ ਦੇ ਭਵਿੱਖ ਤੇ ਫੁੱਲ ਸਟਾਫ ਹੀ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਚੋਣ ਨਤੀਜਿਆਂ ਨਾਲ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਬਦਲਾ ਆਵੇਗਾ। ਜੱਸੀ ਨੇ ਕਿਹਾ ਕਿ ਪੰਜਾਬ ਅੰਦਰ ਸਾਡੀ ਕਿਸਾਨੀ ਅਤੇ ਜਵਾਨੀ ਮਰ ਰਹੀ ਹੈ ਜਿਸ ਦਾ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਪਿੰਡਾਂ ਅੰਦਰ ਸੰਗਤ ਦਰਸ਼ਨ ਕਰਕੇ ਆਪਣੇ ਚਹੇਤਿਆਂ ਨੂੰ ਕਰੋੜਾਂ ਰੁਪਏ ਵੰਡਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੁਣ ਕਿਊ ਸੰਗਤ ਦਰਸ਼ਨ ਨਹੀਂ ਕਰਦੇ ਜਦੋਂ ਕਿ ਅੱਜ ਪਿੰਡਾਂ ਦੇ ਲੋਕਾਂ ਦੇ ਜਖਮਾਂ ‘ਤੇ ਮੱਲਮ ਲਾਉਣ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਰਗਾੜੀ ਕਾਂਡ ਦੇ ਪੀੜਤਾਂ ਅਤੇ ਖੁਦਕੁਸ਼ੀ ਪੀੜਤ ਕਿਸਾਨਾਂ ਨਾਲ ਦੁੱਖ ਪ੍ਰਗਟ ਕਰਕੇ ਉਨ੍ਹਾਂ ਦੇ ਜਖਮਾਂ ‘ਤੇ ਮੱਲਮ ਲਗਾਉਣ ਦਾ ਯਤਨ ਕੀਤਾ ਹੈ। ਜਦੋਂ ਕਿ ਅਕਾਲੀ ਦਲ ਆਗੂ ਅਤੇ ਸਰਕਾਰ ਦੇ ਮੰਤਰੀ ਬੇਤੁਕੇ ਬਿਆਨ ਦੇ ਕੇ ਲੋਕਾਂ ਦੇ ਜਖਮਾਂ ‘ਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਮਾਲਵਾ ਖੇਤਰ ਦੇ ਦੌਰੇ ਨਾਲ ਅਕਾਲੀ ਦਲ ਵਿੱਚ ਘਬਰਾਹਟ ਪੈਦਾ ਹੋ ਗਈ ਹੈ। ਕਦੇ ਅਕਾਲੀ ਰੈਲੀਆਂ ਦਾ ਐਲਾਨ ਕਰਦੇ ਹਨ ਅਤੇ ਕਦੇਂ ਮੀਟਿੰਗਾਂ ਕਰਕੇ ਆਗੂਆਂ ਨੂੰ ਲੋਕਾਂ ਵਿੱਚ ਜਾਣ ਲਈ ਕਿਹਾ ਜਾ ਰਿਹਾ ਹੈ, ਪਰ ਅਸਲ ਸੱਚਾਈ ਇਹ ਹੈ ਕਿ ਲੋਕ ਅਕਾਲੀਆਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਪੰਜਾਬ ਅੰਦਰੋਂ ਸਨਅੱਤਾਂ ਬਾਹਰਲੇ ਸੂਬਿਆਂ ਵੱਲ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਤੋਂ ਬੇਕਾਬੂ ਹੋ ਗਈ ਹੈ। ਹਰ ਰੋਜ਼ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਸਰਕਾਰ ਇੰਨ੍ਹਾਂ ਤੇ ਕਾਬੂ ਪਾਉਣ ਤੋਂ ਅਸਫਲ ਰਹੀ ਹੈ। ਜੱਸੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਯਾਦ ਕਰਦੇ ਹਨ। ਉਨ੍ਹਾਂ ਕਿਹਾ ਸਾਲ 2017 ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਕਿਸਾਨਾਂ-ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਸਨਅਤਕਾਰਾਂ ਦੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ ਅਤੇ ਵਿਕਾਸ ਸਰਕਾਰ ਦਾ ਮੁੱਖ ਏਜੰਡਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਲਾਲ ਝੰਬਾ ਪ੍ਰਧਾਨ ਸ਼ਹਿਰੀ ਕਾਂਗਰਸ, ਰੁਪਿੰਦਰ ਬਿੰਦਰਾ ਜਨਰਲ ਸਕੱਤਰ, ਜੀਤ ਮੱਲ, ਇੰਦਰ ਸਿੰਘ ਸਾਹਨੀ, ਇਕਬਾਲ ਸਿੰਘ ਢਿੱਲੋਂ, ਟਿੰਕੂ ਗਰੋਵਰ, ਹਰੀ ਓਮ, ਵਿਜੇ ਗੋਇਲ, ਰੌਕੀ ਸ਼ਰਮਾਂ, ਅਸ਼ੋਕ ਭੋਲਾ ਅਤੇ ਰਾਮ ਹਲਵਾਈ ਕੌਸਲਰ ਹਾਜ਼ਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply