
ਪਠਾਨਕੋਟ, 10 ਨਵੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ 556.87 ਲੱਖ ਖਰਚ ਕਰਕੇ ਵੱਖ ਵੱਖ ਪਿੰਡਾਂ ਵਿੱਚ ਯੂਨੀਫਾਈਡ ਸਰਵਿਸ ਕੇਂਦਰਾਂ ਦੀ ਉਸਾਰੀ ਕੀਤੀ ਜਾ ਰਹੀਂ ਹੈ।ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆਂ ਦੱਸਿਆ ਕਿ ਇਹ ਸਰਵਿਸ ਕੇਂਦਰ ਪਿੰਡ ਬੁੰਗਲ, ਭੂੰਣ, ਨਿਆੜੀ, ਬੰਗਲਾ, ਝੀਕਲਾ, ਥੜ੍ਹਾ ਉੱਪਰਲਾ, ਸ਼ਾਹਪੁਰ ਕੰਢੀ, ਬਮਿਆਲ, ਜਨਿਆਲ, ਤਾਲੂਰ, ਫਹਿਤਪੁਰ, ਦਤਿਆਲ, ਸਹੌੜਾਕਲਾਂ, ਰਤਨਗੜ੍ਹ, ਤਾਰਾਗੜ੍ਹ ਅਤੇ ਪਿੰਡ ਹੈਬਤਪਿੰਡੀ ਵਿਖੇ ਉਸਾਰੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਹਰਕੇ ਸਰਵਿਸ ਕੇਂਦਰ ਦੀ ਉਸਾਰੀ ‘ਤੇ 15.11 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਰਵਿਸ ਕੇਂਦਰਾਂ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ।
ਡਿਪਟੀ ਸਪੀਕਰ ਨੇ ਦੱਸਿਆ ਕਿ 13ਵੇਂ ਵਿੱਤ ਕਮਿਸ਼ਨ ਵੱਲੋਂ ਪ੍ਰਾਪਤ ਹੋਏ ਫੰਡਾਂ ਵਿੱਚੋਂ 18.50 ਲੱਖ ਰੁਪਏ ਖਰਚ ਕਰਕੇ ਪਿੰਡ ਭੋਆ ਦੀਆਂ ਗਲੀਆਂ ਅਤੇ ਨਾਲੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਬਾਰਡਰ ਏਰੀਆ ਵਿਕਾਸ ਸਕੀਮ ਤਹਿਤ 12.50 ਲੱਖ ਰੁਪਏ ਖਰਚ ਕਰਕੇ ਪਿੰਡ ਮੰਗਿਆਲ ਦੇ ਸਮਸ਼ਾਨਘਾਟ ਨੂੰ ਜਾਂਦੇ ਰਸਤੇ ਨੂੰ ਪੱਕਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਐਮ.ਪੀ. ਲੈਡ ਫੰਡਜ਼ ਅਧੀਨ 20 ਲੱਖ ਰੁਪਏ ਖਰਚ ਕਰਕੇ ਪਿੰਡ ਕੁਠੇੜ ਵਿਖੇ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ। ਸ਼੍ਰੀ ਬੱਬੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਬਾਰਡ ਦੀ ਸਹਾਇਤਾ ਨਾਲ ਪਸ਼ੂਆਂ ਦੀ ਸਿਹਤ ਸੰਭਾਲ ਲਈ 74.27 ਲੱਖ ਰੁਪਏ ਖਰਚ ਕਰਕੇ ਜ਼ਿਲ੍ਹੇ ਅੰਦਰ 3 ਪਸ਼ੂ ਹਸਪਤਾਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਵਿੱਚੋਂ 35.27 ਲੱਖ ਰੁਪਏ ਖਰਚ ਕਰਕੇ ਪਿੰਡ ਨਰੋਟ ਜੈਮਲ ਸਿੰਘ ਵਿਖੇ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ 19.50 ਲੱਖ ਰੁਪਏ ਖਰਚ ਕਰਕੇ ਪਿੰਡ ਜੰਡਵਾਲ ਵਿਖੇ ਅਤੇ 19.50 ਲੱਖ ਰੁਪਏ ਖਰਚ ਕਰਕੇ ਪਿੰਡ ਤਰਹੇਰੀ ਵਿਖੇ ਪਿੰਡ ਪੱਧਰ ਦੇ ਪਸ਼ੂ ਹਸਪਤਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੀਆਂ ਇਮਾਰਤਾਂ ਦੀ ਉਸਾਰੀ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਕੀਤੀ ਜਾ ਰਹੀ ਹੈ।
Punjab Post Daily Online Newspaper & Print Media