ਚੱਬਾ ਸਮਾਗਮ ਸਿਆਸੀ ਇਕੱਠ ਕਰਾਰ, ਸੂਬੇ ਨੂੰ ਕਾਲੇ ਦਿਨਾਂ ਵੱਲ ਧੱਕਣ ਦੀ ਕੋਸ਼ਿਸ਼

ਅੰਮ੍ਰਿਤਸਰ, 13 ਨਵੰਬਰ (ਗੁਰਚਰਨ ਸਿੰਘ ਜਗਦੀਪ ਸਿੰਘ ਸੱਗੂ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਚੱਬਾ ਵਿੱਚ ਸਰਬੱਤ ਖ਼ਾਲਸਾ ਦੇ ਨਾਂਅ ਹੇਠ ਕੁਝ ਜਥੇਬੰਦੀਆਂ ਵੱਲੋਂ ਕਰਵਾਏ ਸਮਾਗਮ ਨੂੰ ਨਿਰੋਲ ‘ਸਿਆਸੀ ਇਕੱਠ’ ਕਰਾਰ ਦਿੰਦਿਆਂ ਕਿਹਾ ਕਿ ਇਹ ਇਕੱਠ ਪੰਜਾਬ ਕਾਂਗਰਸ ਦੀ ਸ਼ਹਿ ਹੇਠ ਕਰਵਾਇਆ ਗਿਆ।
ਸ. ਬਾਦਲ ਨੇ ਕਿਹਾ ਕਿ ਸਰਬੱਤ ਖ਼ਾਲਸਾ ਦੀ ਅਮੀਰ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਹੈ, ਜੋ ਕਿ ਇਕ ਮਰਿਆਦਾ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਸੱਦਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਦੇ ਨਾਂਅ ਹੇਠ ਖੇਤਾਂ ਵਿਚ ਸਮਾਗਮ ਕਰਵਾਉਣਾ ਸਿਰਫ਼ ਤੇ ਸਿਰਫ਼ ਸਿਆਸਤ ਤੋਂ ਪ੍ਰੇਰਿਤ ਅਤੇ ਸਿੱਖ ਸਮਾਜ ਵਿਚ ਵੰਡ ਪਾਉਣ ਦੀ ਕੋਝੀ ਸਿਆਸੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਅਤੇ ਕਾਂਗਰਸ ਪਾਰਟੀ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਘਿਨਾਉਣੇ ਹੱਥਕੰਡੇ ਅਪਣਾ ਰਹੀਆਂ ਹਨ, ਜਿਨ੍ਹਾਂ ਵਿਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ।
ਸ. ਸੁਖਬੀਰ ਸਿੰਘ ਬਾਦਲ ਅੱਜ ਇਥੇ ਆਪਣੀ ਸੁਪਤਨੀ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਬੇਟੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਸਿਆਸੀ ਲਾਹਾ ਲੈਣ ਲਈ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਜਾਣਬੁੱਝ ਕੇ ਖ਼ਰਾਬ ਕਰਨ ਦੇ ਯਤਨ ਕਰ ਰਹੀ ਹੈ, ਜਿਸ ਦਾ ਸਿਰਫ ਇਕੋ-ਇਕ ਮੰਤਵ ਪੰਜਾਬ ਦੀ ਸੱਤਾ ਹਥਿਆਉਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਪੰਜਵੀਂ ਵਾਰ ਸ. ਪਰਕਾਸ਼ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਹੈ ਅਤੇ ਹਰ ਵਾਰ ਸ. ਬਾਦਲ ਦੀ ਮੁੱਖ ਤਰਜੀਹ ਰਾਜ ਅੰਦਰ ਅਮਨ-ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਣਾ ਰਹੀ ਹੈ, ਜੋ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਹਰ ਹੀਲੇ ਕਾਬੂ ਹੇਠ ਰੱਖੇ ਜਾਣਗੇ।
ਇਕ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਵਿਦੇਸ਼ੀ ਹੱਥਾਂ ਵਿਚ ਖੇਡਦੀਆਂ ਹੋਈਆਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਨੂੰ ਬੇਨਕਾਬ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਜਲਦ ਹੀ ਇਸ ਸਬੰਧੀ ਸੱਚ ਲੋਕਾਂ ਸਾਹਮਣੇ ਆ ਜਾਵੇਗਾ।
ਚੱਬਾ ਇਕੱਠ ਵਿਚ ਰੱਖੇ ਮਤਿਆਂ ਸਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਤੋਂ ਪਿਛਲੇ 8 ਸਾਲਾਂ ਵਿਚ ਸੂਬੇ ਦਾ ਬੇਮਿਸਾਲ ਵਿਕਾਸ ਬਰਦਾਸ਼ਤ ਨਹੀਂ ਹੋ ਰਿਹਾ ਅਤੇ ਉਹ ਮਾਹੌਲ ਖ਼ਰਾਬ ਕਰਕੇ ਪੰਜਾਬ ਨੂੰ ਵਿਕਾਸ ਦੀ ਲੀਹੋਂ ਲਾਹੁਣਾ ਚਾਹੁੰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮਤਿਆਂ ਵਿਚ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਅਤੇ ਸਿੱਖਾਂ ਦੇ ਕਾਤਲਾਂ ਖਿਲਾਫ਼ ਮਤਾ ਕਿਉਂ ਨਹੀਂ ਪਾਇਆ ਗਿਆ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੀਤੇ ਦਿਨੀਂ ਕੁਝ ਲੋਕਾਂ ਵੱਲੋਂ ਮਰਿਆਦਾ ਭੰਗ ਕੀਤੇ ਜਾਣ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਗੁਰੂ ਘਰ ਵਿਚ ਅਜਿਹੀਆਂ ਹੁੱਲੜਬਾਜ਼ੀ ਦੀਆਂ ਘਟਨਾਵਾਂ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਅਜਿਹੀਆਂ ਹਰਕਤਾਂ ਕਰਨ ਵਾਲੇ ਸਿੱਖ ਨਹੀਂ ਹੋ ਸਕਦੇ। ਇਹ ਪੁੱਛੇ ਜਾਣ ‘ਤੇ ਕਿ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਵੱਲੋਂ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਰੋਕਿਆ ਕਿਉਂ ਨਹੀਂ ਗਿਆ, ਸ. ਬਾਦਲ ਨੇ ਕਿਹਾ ਕਿ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਪੰਜਾਬ ਸਰਕਾਰ ਦੀ ਨਾ ਤਾਂ ਕੋਈ ਦਖ਼ਲਅੰਦਾਜ਼ੀ ਰਹੀ ਹੈ, ਨਾ ਹੈ ਅਤੇ ਨਾ ਹੀ ਹੋਵੇਗੀ।
ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਦੇ ਦੋ ਪਿੰਡਾਂ ਵਿਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਸਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਅਗਾਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦਾ ਇਹ ਇਕ ਸਿਆਸੀ ਡਰਾਮਾ ਹੈ। ਉਨ੍ਹਾਂ ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਉਹ ਅੱਜ ਤੱਕ ’84 ਕਤਲੇਆਮ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਕਿਉਂ ਨਹੀਂ ਗਏ ਅਤੇ ਹੁਣ ਸਿਆਸੀ ਲਾਹੇ ਦੀ ਤਾਕ ਵਿੱਚ ਰਾਹੁਲ ਗਾਂਧੀ ਪੰਜਾਬ ਦੇ ਪਿੰਡਾਂ ਵਿੱਚ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਕ ਨੁਕਾਤੀ ਪ੍ਰੋਗਰਾਮ ਪੰਜਾਬ ਦੀ ਸੱਤਾ ਹਥਿਆਉਣਾ ਹੈ ਪਰੰਤੂ 2017 ਵਿੱਚ ਲਗਾਤਾਰ ਤੀਜੀ ਵਾਰ ਕਾਂਗਰਸ ਦੀ ਵੱਡੀ ਹਾਰ ਹੋਣਾ ਤੈਅ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਮੁੱਖ ਸਕੱਤਰ ਸ਼ੋਮਣੀ ਕਮੇਟੀ ਸ. ਹਰਚਰਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਦਿਆਲ ਸਿੰਘ ਕੋਲਿਆਂਵਾਲੀ ਤੇ ਭਾਈ ਰਾਮ ਸਿੰਘ, ਸ. ਰਜਿੰਦਰ ਸਿੰਘ ਮਰਵਾਹ, ਸ. ਨਵਦੀਪ ਸਿੰਘ ਗੋਲਡੀ, ਸ. ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media