Friday, March 20, 2026

ਪੁਲਸੀਆ ਲਾਲ-ਨੀਲੀ ਝਾਲਰ ਵਾਲੀ ਪੱਗ ਤੋਂ ਪੁਲਿਸ ਫੋਰਸ ਨੂੰ ਨਹੀਂ ਮਿਲੇਗੀ ਮੁਕਤੀ-ਕੋਛੜ

Surinder Kochharਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਬਾਦਲ 12 ਫਰਵਰੀ 2007 ਨੂੰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਏ ਆਪਣੇ ਚੋਣ ਮੈਨੀਫੈਸਟੋ ਵਿਚ ਅੰਗਰੇਜ਼ ਸਰਕਾਰ ਦੀ ਗੁਲਾਮੀ ਦੀ ਪ੍ਰਤੀਕ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਤੋਂ ਨਿਜਾਤ ਦਿਵਾਉਣ ਦੇ ਵਾਅਦੇ ਤੋਂ ਮੁਕਰ ਗਿਆ ਹੈ।ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਸ਼ਨੀਵਾਰ ਸਵੇਰੇ ਪੱਤਰਕਾਰਾਂ ਨੂੰ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਦੀ ਮਜ਼ਬੂਤੀ ਬਣਾਈ ਰੱਖਣ ਲਈ ਪੁਲਿਸ ਕਰਮਚਾਰੀ ਇਸ ਦੇ ਪਹਿਲੇ ਪੇਚ ਅਤੇ ਆਖਰੀ ਪੇਚ ਵਿਚ ਅਖ਼ਬਾਰੀ ਕਾਗ਼ਜ਼, ਗੱਤਾ ਜਾਂ ਐਕਸ-ਰੇ ਫਿਲਮ ਦੀ ਕਟਿੰਗ ਫਿਟ ਕਰਦੇ ਹਨ ਤਾਂ ਕਿ ਪੱਗ ਛੇਤੀ ਨਾ ਢਹੇ।ਉਹਨਾਂ ਕਿਹਾ ਕਿ ਉਪਰੋਕਤ ਪੱਗ ਨੂੰ ਬੰਨ੍ਹਣਾ ਔਖਾ ਹੋਣ ਕਰਕੇ ਸਿਪਾਹੀ ਇਸ ਨੂੰ ਕਈ-ਕਈ ਹਫ਼ਤਿਆਂ ਤੇ ਮਹੀਨਿਆਂ ਤੱਕ ਜਿਉਂ ਦੇ ਤਿਉਂ ਬਿਨ੍ਹਾਂ ਧੋਤੇ ਸਿਰਾਂ ‘ਤੇੇ ਰੱਖਦੇ ਹਨ।ਸ਼੍ਰੀ ਕੋਛੜ ਨੇ ਕਿਹਾ ਕਿ ਉਹਨਾਂ ਮੁੱਖ ਮੰਤਰੀ, ਉੱਪ-ਮੁੱਖ ਮੰਤਰੀ, ਐਸ.ਜੀ.ਪੀ.ਸੀ. ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰਜਿਸਟਰਡ ਪੱਤਰ ਭੇਜ ਕੇ ਪੁਲਿਸ ਫੋਰਸ ਨੂੰ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਤੋਂ ਨਿਜ਼ਾਤ ਦਵਾਉਣ ਦੀ ਮੰਗ ਕੀਤੀ ਸੀ।ਜਿਸ ਦੇ ਆਧਾਰ ‘ਤੇ ਪੰਜਾਬ ਸਰਕਾਰ ਵਲੋਂ ਵਧੀਕ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ 3 ਸ਼ਾਖਾ) ਨੇ ਦਫ਼ਤਰ ਡਾਇਰੈਕਟਰ ਜਨਰਲ ਪੁਲਿਸ ਨੂੰ ਪੱਤਰ ਨੰ. 12/21/15-5ਗ/2502-3/6/2015 ਜਾਰੀ ਕਰਕੇ ਇਸ ਸੰਬੰਧੀ ਜਾਂਚ ਕਰਨ ਦਾ ਆਦੇਸ਼ ਦਿੱਤਾ।ਜਿਸ ਦੇ ਜਵਾਬ ਵਿਚ ਪੁਲਿਸ ਵਿਭਾਗ ਨੇ ਪੱਤਰ ਨੰ. 4466 ਜਾਰੀ ਕਰਦਿਆਂ ਪੁਲਿਸ ਫੋਰਸ ਦੇ ਕਰਮਚਾਰੀਆਂ ਦੀ ਉਪਰੋਕਤ ਸਮੱਸਿਆ ਤੋਂ ਪੱਲਾ ਝਾੜਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਘੋਖਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਪੁਲਿਸ ਫੋਰਸ ਦੇ ਕਰਮਚਾਰੀਆਂ ਦੀ ਮੌਜੂਦਾ ਪਗੜੀ ਹਰ ਪੱਖੋਂ ਮੁਕੰਮਲ ਅਤੇ ਠੀਕ ਹੈ।ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਫੋਰਸ ਦੀ ਲਾਲ ਨੀਲੀ ਝਾਲਰ ਵਾਲੀ ਪੱਗ ਸਾਡੀ ਕੌਮੀ ਵਿਰਾਸਤ ਨਹੀਂ ਸਗੋਂ ਬ੍ਰਿਟਿਸ਼ ਵਲੋਂ ਥੋਪੀ ਗਈ ਗ਼ੁਲਾਮੀ ਦੀ ਨਿਸ਼ਾਨੀ ਹੈ, ਜਿਸ ਨੂੰ ਬਦਲਣ ਨਾਲ ਸਰਕਾਰ ਜਾਂ ਆਮ ਜਨਤਾ ‘ਤੇ ਕੋਈ ਵਾਧੂ ਆਰਥਿਕ ਭਾਰ ਨਹੀਂ ਪੈਣ ਵਾਲਾ, ਪਰ ਸਿਪੰਲ ਸਟਾਈਲ ਪੱਗ ਬੰਨ੍ਹਣ ਨਾਲ ਪੰਜਾਬ ਪੁਲਿਸ ਫੋਰਸ ਦੇ ਕਰੀਬ 50 ਹਜ਼ਾਰ ਸਿਪਾਹੀਆਂ ਅਤੇ ਮੁੱਖ ਸਿਪਾਹੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ।

ਗੁਰਸਿੱਖ ਸਿਪਾਹੀ ਨਾ ਚਾਹੁੰਦੇ ਹੋਏ ਵੀ ਕਰ ਰਹੇ ਨੇ ਰਹਿਤਨਾਮਿਆਂ ਵਿਚ ਦਰਜ਼ ਮਰਿਆਦਾ ਦਾ ਉਲੰਘਣ

ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪੰਜਾਬ ਪੁਲਿਸ ਫੋਰਸ ਦੁਆਰਾ ਬੰਨ੍ਹੀ ਜਾਣ ਵਾਲੀ ਲਾਲ-ਨੀਲੀ ਝਾਲਰ ਵਾਲੀ ਪੱਗ ਦੀ ਪੂਣੀ ਕਰਨ ਤੋਂ ਬਾਅਦ ਸਿਪਾਹੀ ਪੱਗ ਨੂੰ ਆਪਣੇ ਸਿਰ ‘ਤੇ ਰੱਖਣ ਤੋਂ ਪਹਿਲਾਂ ਉਸਨੂੰ ਦੂਜੇ ਵਿਅਕਤੀ ਦੇ ਸਿਰ ‘ਤੇ ਬੰਨ੍ਹਦੇੇ ਹਨ ਅਤੇ ਪੂਰੀ ਤਰ੍ਹਾਂ ਨਾਲ ਪੱਗ ਬੰਨ੍ਹਣ ਦੇ ਲਾਇਕ ਹੋ ਜਾਣ ਤੋਂ ਬਾਅਦ ਉਹ ਇਸ ਨੂੰ ਟੋਪੀ ਵਾਂਗ ਸਿਰ ‘ਤੇ ਰੱਖ ਲੈਂਦੇ ਹਨ।ਉਹਨਾਂ ਕਿਹਾ ਕਿ ਗੁਰਸਿੱਖ ਸਿਪਾਹੀਆਂ ਲਈ ਧਾਰਮਿਕ ਪੱਖੋਂ ਵੀ ਇਸ ਪੱਗ ਨੂੰ ਕਿਸੇ ਟੋਪੀ ਵਾਂਗੂ ਸਿਰ ‘ਤੇ ਧਾਰਣ ਕਰਣਾ ਰਹਿਤਨਾਮਿਆਂ ਅਨੁਸਾਰ ਉਚਿਤ ਨਹੀਂ ਹੈ, ਕਿਉਂਕਿ ਰਹਿਤਨਾਮਿਆਂ ਵਿਚ ਸਾਫ਼ ਤੌਰ ‘ਤੇ ਦਰਜ਼ ਹੈ-”ਸਿੱਖ ਹੋਯੋ ਸਿਰ ਟੋਪੀ ਧਰੈ, ਸਾਤ ਜਨਮ ਕੁਸਟਿ ਹੋਇ ਮਰੈ”, ਪਰ ਸਰਕਾਰੀ ਆਦੇਸ਼ਾਂ ਦੇ ਚਲਦਿਆਂ ਗੁਰਸਿੱਖ ਸਿਪਾਹੀਆਂ ਨੂੰ ਨਾ ਚਾਹੁੰਦਿਆਂ ਹੋਇਆ ਵੀ ਰਹਿਤਨਾਮਿਆਂ ਵਿਚ ਦਰਜ਼ ਮਰਿਆਦਾ ਦਾ ਉਲੰਘਣ ਕਰਨਾ ਪੈ ਰਿਹਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply