
ਪਠਾਨਕੋਟ, 24 ਨਵੰਬਰ (ਪ.ਪ) – ਭਾਰਤ ਸਰਕਾਰ ਦੇ ਵਿਗਿਆਨ ਤੇ ਉਦਯੋਗਿਕ, ਵਾਤਾਵਰਣ ਜੰਗਲਾਤ ਅਤੇ ਜਲਵਾਯੂ, ਰੇਲ ਮੰਤਰਾਲਿਆ ਵੱਲੋਂ ਵਾਤਾਵਰਣ ਤਬਦੀਲੀ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਪਹੁੰਚੀ ਸਾਇੰਸ ਐਕਸਪ੍ਰੈਸ ਟਰੇਨ ਦਾ ਉਦਘਾਟਨ ਸ੍ਰੀ ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਡਾ. ਮਧੂ ਮਹਾਜਨ, ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਪਵਨ ਕੁਮਾਰ, ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮਨਜੀਤ ਮੱਲ, ਜਿਲ੍ਹਾ ਸਾਇੰਸ ਸੁਪਰਵਾਇਜਰ ਸਵਤੰਤਰ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ। ਪਹਿਲੇ ਦਿਨ ਪਠਾਨਕੋਟ ਵਿਖੇ 5280 ਵਿਦਿਆਰਥੀਆਂ ਅਤੇ ਲੋਕਾਂ ਨੇ ਸਾਇੰਸ ਐਕਸਪ੍ਰੈਸ ਟਰੇਨ ਨੂੰ ਵੇਖ ਕੇ ਮੋਸਮ ਦੇ ਬਦਲਾਵ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਸ੍ਰੀ ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਰੇਲਵੇ ਸਟੇਸ਼ਨ ਤੇ ਖੜੀ ਸਾਇੰਸ ਐਕਸਪ੍ਰੈਸ ਟਰੇਨ ਵਿੱਚ ਪ੍ਰਦਰਸ਼ਨੀ ਨੂੰ ਦੇਖਿਆ। ਉਨ੍ਹਾ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਕਿ ਜਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਨੂੰ ਸਾਇੰਸ ਐਕਸਪ੍ਰੈਸ ਟਰੇਨ ਵੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸਾਰਿਆਂ ਨੂੰ ਵਾਤਾਵਰਣ ਸੰਭਾਲ ਦੇ ਲਈ ਉਚਿਤ ਕਦਮ ਚੁੱਕਣ ਲਈ ਕਿਹਾ ਅਤੇ ਅੰਤ ਵਿੱਚ ਉਨ੍ਹਾਂ ਨੇ ਸਾਰੇ ਸਕੂਲ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਸਾਇੰਸ ਦੇ ਵਿਸ਼ਾ ਮਾਹਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਇਹ ਰੇਲ ਪ੍ਰਦਰਸ਼ਨੀ ਜ਼ਰੂਰ ਦਿਖਾਉਣ। ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਬੇਹੱਦ ਫਾਇਦੇਮੰਦ ਸਾਬਤ ਹੋਵੇਗੀ। ਇਸ ਮੋਕੇ ਤੇ ਸ੍ਰੀ ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਪ੍ਰਦਰਸ਼ਨੀ ਦੇਖਣ ਆਏ ਸਕੂਲੀ ਬੱਚਿਆਂ ਦੇ ਨਾਲ ਗੱਲਬਾਤ ਕੀਤੀ। ਟਰੇਨ ਵਿੱਚ ਮੌਜੂਦ ਵਿਦਿਆਰਥੀਆਂ ਨੇ ਸ੍ਰੀ ਅਮਿਤ ਮਹਾਜਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਾ ਮਾਹਿਰਾਂ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ, ਧਰਤੀ ਦੇ ਸੰਤੁਲਨ ਨੂੰ ਬਣਾਏ ਰੱਖਣਾ, ਅੰਤਰ ਰਾਸ਼ਟਰੀ ਜਲਵਾਯੂ ਪ੍ਰੀਵਰਤਨ ਸਮਝੌਤਾ ਗੱਲਬਾਤ, ਜੀਵ ਮੰਡਲ ਅਤੇ ਕੁਦਰਤੀ ਰੱਖਿਆ, ਵਿਗਿਆਨ ਅਤੇ ਉਦਯੋਗਿਕ, ਭਾਰਤ ਦੇ ਮੈਗਰੋਵ ਸਮੁੰਦਰੀ ਤੱਟ, ਜੀਵਨ ਤੇ ਰੋਜੀ ਰੋਟੀ ਲਈ ਜੰਗਲ, ਕੁਦਰਤੀ ਸਾਧਨ, ਕੋਇਲਾ, ਨਵੀਨੀਕਰਨ ਊਰਜਾ, ਵਧੀਆ ਜਲ ਪ੍ਰਬੰਧਨ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਸ ਨੂੰ ਜਾਣ ਕੇ ਉਨ੍ਹਾਂ ਦੇ ਮਨ ਵਿੱਚ ਬੇਹੱਦ ਉਤਸ਼ਾਹ ਹੈ ਅਤੇ ਉਹ ਆਪਣੇ ਦੋਸਤਾਂ ਨੂੰ ਵੀ ਜਾ ਕੇ ਇਸ ਸਾਇੰਸ ਐਕਸਪ੍ਰੈਸ ਟਰੇਨ ਨੂੰ ਦੇਖਣ ਲਈ ਕਹਿਣਗੇ। ਬੱਚਿਆਂ ਨੇ ਦੱਸਿਆ ਕਿ ਟਰੇਨ ਵਿੱਚ ਮੌਜੂਦ ਵਾਤਾਵਰਣ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਆਡਿਓ, ਵੀਡੀਓ ਡਾਕੂਮੈਂਟਰੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਜੋ ਉਨ੍ਹਾਂ ਨੂੰ ਬੇਹੱਦ ਵਧੀਆ ਲਗਿਆ ਹੈ।
ਸਾਇੰਸ ਐਕਸਪ੍ਰੈਸ ਵਿੱਚ ਹਾਜ਼ਰ ਵਿਸ਼ੇ ਦੇ ਮਾਹਿਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਜਿਵੇਂ ਆਪਣੇ ਘਰਾਂ ਵਿੱਚ ਪੌਦੇ ਲਗਾਉਣਾ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਆਪਣੇ ਆਲੇ ਦੁਆਲੇ ਸਫ਼ਾਈ ਰੱਖਣਾ, ਉਚੀ ਅਵਾਜ਼ ਵਿੱਚ ਸੰਗੀਤ ਨਾ ਵਜਾਉਣਾ ਸਮੇਤ ਕਈ ਗੱਲਾਂ ਵੱਲ ਅਸੀਂ ਧਿਆਨ ਦੇਈਏ ਤਾਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅਣ-ਗਹਿਲੀਆਂ ਦੇ ਕਾਰਨ ਗਰੀਨ ਹਾਊਸ ਇਫੈਕਟ ਦਾ ਪ੍ਰਭਾਵ ਵੱਧ ਰਿਹਾ ਹੈ ਜਿਸ ਕਾਰਨ ਕਾਰਬਨ ਡਾਇਅਕਸਾਈਡ ਦੀ ਮਾਤਰਾ ਵੱਧਣ ਦੇ ਨਾਲ ਹਰ ਸਾਲ ਭਾਰੀ ਮਾਤਰਾ ਵਿੱਚ ਬਰਫ਼ ਪਿਘਲ ਰਹੀ ਹੈ। ਇਸ ਦੇ ਕਾਰਨ ਸਮੁੰਦਰ ਦਾ ਪਾਣੀ ਵੀ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਵੱਧਣ ਨਾਲ ਸਮੁੰਦਰ ਕੰਢੇ ਵਸੇ ਦੇਸ਼ਾਂ ਨੂੰ ਆਉਣ ਵਾਲੇ ਸਮੇਂ ਵਿੱਚ ਜਾਨੀ ਨੁਕਸਾਨ ਹੋਣ ਦਾ ਖਤਰਾ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ 27 ਨਵੰਬਰ ਤੱਕ ਇਹ ਟਰੇਨ ਰੇਲਵੇ ਸਟੇਸ਼ਨ ‘ਤੇ ਮੌਜੂਦ ਰਹੇਗੀ। ਇਸ ਵਿਸ਼ੇਸ਼ ਟਰੇਨ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਇੰਸ ਐਕਸਪ੍ਰੈਸ ਟਰੇਨ ਦੇ 16 ਡੱਬੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ ਜੋ ਸਾਰੇ ਭਾਰਤ ਵਿੱਚ ਦੌਰਾ ਕਰਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਮੌਕੇ ਐਜੂਸੇਟ ਕੋਆਰਡੀਨੇਟਰ ਉਂਕਾਰ ਸਿੰਘ, ਅਧਿਆਪਕ ਰਾਜਿੰਦਰ ਸਿੰਘ ਭਰੋਲੀ, ਪ੍ਰੇਮ ਨਾਥ, ਮਨਮੋਹਣ ਸਿੰਘ ਅਤੇ ਹੋਰਨਾ ਸਕੂਲਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।
Punjab Post Daily Online Newspaper & Print Media