ਬਟਾਲਾ, 27 ਨਵੰਬਰ (ਨਰਿੰਧਰ ਸਿੰਘ ਬਰਨਾਲ)- ਵਿਸ਼ਵ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ‘ਚ ਬਟਾਲਾ ਵਿਖੇ ਬਣੇ ਆਡੀਟੋਰੀਅਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ ਸ਼ਿਵ ਆਡੀਟੋਰੀਅਮ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸ਼ਿਵ ਪ੍ਰੇਮੀਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ, ਸ. ਲਖਬੀਰ ਸਿੰਘ ਲੋਧੀਨੰਗਲ, ਐੱਸ.ਡੀ.ਐੱਮ. ਬਟਾਲਾ ਸੌਰਵ ਅਰੋੜਾ, ਡਾ. ਰਵਿੰਦਰ ਸਿੰਘ, ਡਾ. ਨਿੱਜਰ, ਜ਼ਿਲ੍ਹਾ ਸਿੱਖਿਆ ਅਫਸਰ (ਸ) ਅਮਰਦੀਪ ਸਿੰਘ ਸੈਣੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਹਾਜ਼ਰੀਨ ਵੱਲੋਂ ਸ਼ਿਵ ਆਡੀਟੋਰੀਅਮ ਦੇ ਮੁਕੰਮਲ ਹੋਏ ਮੁਰੰਮਤ ਕਾਰਜਾਂ ਦਾ ਨਿਰੀਖਣ ਕੀਤਾ ਗਿਆ ਅਤੇ ਆਡੀਟੋਰੀਅਮ ਦੇ ਅੰਦਰੂਨੀ ਹਿੱਸੇ ‘ਚ ਲਾਈਟਿੰਗ ਸਿਸਟਮ, ਸਾਊਂਡ ਸਿਸਟਮ, ਸਟੇਜ ਆਦਿ ਨੂੰ ਚੈੱਕ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2 ਕਰੋੜ ਦੇ ਕਰੀਬ ਰਕਮ ਖਰਚ ਕਰਕੇ ਇਸ ਆਡੀਟੋਰੀਅਮ ਨੂੰ ਬਿਲਕੁਲ ਨਵੀਂ ਦਿੱਖ ਦਿੱਤੀ ਗਈ ਹੈ ਅਤੇ ਇਹ ਆਡੀਟੋਰੀਅਮ ਪੰਜਾਬ ਦੇ ਬਿਹਤਰੀਨ ਆਡੀਟੋਰੀਅਮਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਸਾਰਾ ਨਿਰਮਾਣ ਤੇ ਮੁਰੰਮਤ ਕੰਮ ਮੁਕੰਮਲ ਹੈ ਅਤੇ ਛੇਤੀ ਹੀ ਇਸਦਾ ਉਦਘਾਟਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਸਮੇਂ ਦੌਰਾਨ ਜਾਰੀ ਕੀਤੀ 2 ਕਰੋੜ ਦੀ ਗ੍ਰਾਂਟ ਨਾਲ ਇਹ ਆਡੀਟੋਰੀਅਮ ਮੁੜ ਸੁਰਜੀਤ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਇਹ ਸਭ ਤੋਂ ਖੂਬਸੂਰਤ ਯਾਦਗਾਰ ਹੈ ਅਤੇ ਇਹ ਆਡੀਟੋਰੀਅਮ ਸਾਹਿਤਕਾਰਾਂ ਦਾ ਮੱਕਾ ਹੋ ਨਿਭੜੇਗਾ। ਉਨ੍ਹਾਂ ਆਡੀਟੋਰੀਅਮ ਦੇ ਮੁੜ ਸੁਰਜੀਤ ਹੋਣ ਤੇ ਤਸੱਲੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਿਵ ਤੇ ਸਾਹਿਤ ਪ੍ਰੇਮੀਆਂ ਦੇ ਨਾਲ ਬਟਾਲਾ ਵਾਸੀਆਂ ਦੀ ਚਿਰ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਬਿਲਕੁਲ ਮੁਕੰਮਲ ਹੋ ਗਿਆ ਹੈ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੋਲੋਂ ਸਮਾਂ ਲੈ ਕੇ ਛੇਤੀ ਹੀ ਇਸਨੂੰ ਸ਼ਿਵ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media