Sunday, October 6, 2024

ਬਟਾਲਾ ਵਿਖੇ ਦੋ ਰੋਜ਼ਾ ਪਸ਼ੂ ਧੰਨ ਮੇਲਾ ਤੇ ਦੁੱਧ ਚੋਆਈ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

PPN2811201502

ਬਟਾਲਾ, 28 ਨਵੰਬਰ (ਨਰਿੰਦਰ ਸਿੰਘ ਬਰਨਾਲ)- ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਬਟਾਲਾ ‘ਚ ਕਰਾਇਆ ਗਿਆ ਜ਼ਿਲ੍ਹਾ ਪੱਧਰੀ ਪਸ਼ੂਧਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਖਤਮ ਹੋ ਗਿਆ। ਅੱਜ ਮੇਲੇ ਦੇ ਅਖੀਰਲੇ ਦਿਨ ਜੇਤੂ ਪਸ਼ੂ ਪਾਲਕਾਂ ਨੂੰ ਇਨਾਮ ਦੇਣ ਲਈ ਪਸ਼ੂ ਪਾਲਣ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਡਾ. ਜਗਵਿੰਦਰਜੀਤ ਸਿੰਘ ਗਰੇਵਾਲ, ਬਟਾਲਾ ਦੇ ਐੱਸ.ਡੀ.ਐੱਮ. ਸ੍ਰੀ ਸੌਰਵ ਅਰੋੜਾ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸਕੱਤਰ ਸਿੰਘ ਬੱਲ, ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾਂ, ਸਹਾਇਕ ਡਾਇਰੈਕਟਰ ਡਾ. ਸ਼ਾਮ ਸਿੰਘ ਤੇ ਡਾ. ਸਰਬਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਸ਼ੂਧਨ ਮੇਲੇ ਦੇ ਦੂਸਰੇ ਦਿਨ ਅੱਜ ਮੱਝਾਂ, ਗਾਵਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਾਏ ਗਏ ਅਤੇ ਅਤੇ ਪਸ਼ੂਆਂ ਦੀਆਂ ਵੱਖ-ਵੱਖ 53 ਨਸਲਾਂ ਦੇ ਮੁਕਾਬਲੇ ਕਰਾਏ ਗਏ। ਇਸ ਤੋਂ ਇਲਾਵਾ ਡਾਗ ਸ਼ੋਅ, ਮੁਰਗੀਆਂ, ਬੱਤਖਾਂ, ਟਰਕੀ ਆਦਿ ਦੇ ਵੀ ਮੁਕਾਬਲੇ ਕਰਾਏ ਗਏ। ਮੇਲੇ ਦੌਰਾਨ ਘੋੜੀਆਂ ਦੇ ਨਾਚ ਨੇ ਮੇਲੇ ਨੂੰ ਚਾਰ ਚੰਨ ਲਾਈ ਰੱਖੇ।
ਦੁੱਧ ਚੁਆਈ ਦੇ 298 ਮੁਕਾਬਲਿਆਂ ਦੌਰਾਨ ਐੱਚ.ਐੱਫ ਨਸਲ ਦੀਆਂ ਗਾਵਾਂ ‘ਚ ਦੁੱਧ ਚੁਆਈ ‘ਚ ਪਹਿਲਾ ਸਥਾਨ ਪਿੰਡ ਸਰਜੇ ਚੱਕ ਦੇ ਮਨਿੰਦਰ ਸਿੰਘ ਦੀ ਗਾਂ 40 ਲੀਟਰ ਦੁੱਧ ਦੇ ਕੇ ਪ੍ਰਾਪਤ ਕੀਤਾ। ਇਸੇ ਨਸਲ ‘ਚ ਦੂਸਰਾ ਸਥਾਨ ਜੋਗੀ ਚੀਮਾਂ ਦੇ ਸਰੂਪ ਸਿੰਘ ਦੀ ਗਾਂ ਨੇ 33 ਲੀਟਰ ਦੁੱਧ ਦੇ ਕੇ ਹਾਸਲ ਕੀਤਾ। ਸ੍ਰੀ ਹਰਗੋਬਿੰਦਪੁਰ ਦੇ ਗੁਰਪ੍ਰੀਤ ਸਿੰਘ ਦੀ ਜਰਸੀ ਗਾਂ 20 ਕਿਲੋ ਦੁੱਧ ਦੇ ਕੇ ਪਹਿਲੇ ਸਥਾਨ ‘ਤੇ ਰਹੀ। ਭੁਪਿੰਦਰ ਸਿੰਘ ਬੱਜੂਮਾਨ ਦੀ ਨੀਲੀ ਰਾਵੀ ਮੱਝ 15.5 ਲੀਟਰ ਦੁੱਧ ਦੇ ਕੇ ਪਹਿਲੇ ਸਥਾਨ ਹਾਸਲ ਕੀਤਾ ਜਦਕਿ ਮੁਹਰਾ ਮੱਝ ਦੇ ਮੁਕਾਬਲੇ ‘ਚ ਰਿਆਲੀ ਕਲਾਂ ਦੇ ਕਤਿੰਦਰਪਾਲ ਸਿੰਘ ਦੀ ਮੱਝ ਨੇ 15.29 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਅੰਮੋਨੰਗਲ ਦੇ ਮਨਪ੍ਰੀਤ ਸਿੰਘ ਦੀ ਸਾਹੀਵਾਲ ਗਾਂ ਨੇ 15.3 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।ਬੱਕਰੀਆਂ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਤਰਸੇਮ ਸਿੰਘ ਪਿੰਡ ਸੇਖਵਾਂ ਦੀ ਬੱਕਰੀ ਪਹਿਲੇ ਸਥਾਨ ‘ਤੇ ਰਹੀ।
ਸਭ ਤੋਂ ਵਧੀਆ ਨੁਕਰੀ ਘੋੜੀ ਦਾ ਇਨਾਮ ਜਸਪਾਲ ਸਿੰਘ ਫਤਿਹਗੜ੍ਹ ਚੂੜੀਆਂ ਦੀ ਘੋੜੀ ਨੂੰ ਮਿਲਿਆ। ਜੈਦੀਪਕ ਸਿੰਘ ਨਵਾਂ ਪਿੰਡ ਦੀ ਮਾਰਵਾੜੀ ਘੋੜੀ ਵੀ ਪਹਿਲੇ ਸਥਾਨ ‘ਤੇ ਰਹੀ। ਸਭ ਤੋਂ ਵਧੀਆ ਸਾਹੀਵਾਲ ਗਾਂ ਦੀ ਨਸਲ ਦਾ ਇਨਾਮ ਗਰੀਬ ਸਿੰਘ ਤਲਵੰਡੀ ਬੱਖਤਾਂ ਦੀ ਗਾਂ ਨੇ ਜਿੱਤਿਆ। ਸਭ ਤੋਂ ਵਧੀਆ ਮੁਰਾਹ ਮੱਝ ਦਾ ਇਨਾਮ ਸੰਦੀਪ ਸਿੰਘ ਜੱਫਰਵਾਲ ਦੀ ਮੱਝ ਨੇ ਜਿੱਤਿਆ, ਜਦਕਿ ਮੁਰਾਹ ਮੱਝ ਦੁੱਧੋਂ ਸੁੱਕੀ ਦਾ ਪਹਿਲਾ ਇਨਾਮ ਲਖਵਿੰਦਰ ਸਿੰਘ ਪਿੰਡ ਘੁੰਮਣ ਕਲਾਂ ਦੀ ਮੱਝ ਨੇ ਪ੍ਰਾਪਤ ਕੀਤਾ। ਪਿੰਡ ਭੋਜਰਾਜ ਦੇ ਹਰਜਿੰਦਰ ਸਿੰਘ ਦੀ ਮੁਰਾਹ ਝੋਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਨਾਲ ਹੀ ਨੀਲੀ ਰਾਵੀ ਮੱਝ ਦਾ ਵੀ ਪਹਿਲਾ ਸਥਾਨ ਹਾਸਲ ਕੀਤਾ। ਹਰੂਵਾਲ ਦੇ ਹਰਪ੍ਰੀਤ ਦੀ ਐੱਚ.ਐੱਫ ਗਾਂ ਪਹਿਲੇ ਅਤੇ ਕੁਲਦੀਪ ਸਿੰਘ ਦੀ ਐੱਚ.ਐੱਫ. ਕਰਾਸ ਵਹਿੜੀ ਵੀ ਪਹਿਲੇ ਨੰਬਰ ‘ਤੇ ਰਹੀ। ਸਭ ਤੋਂ ਵਧੀਆ ਜਰਸੀ ਗਾਂ ਜੋਗੀ ਚੀਮਾਂ ਦੇ ਸਰੂਪ ਸਿੰਘ ਦੀ ਗਾਂ ਚੁਣੀ ਗਈ। ਸਭ ਤੋਂ ਵਧੀਆ ਮੁਹਰਾ ਝੋਟਾ ਸਰਬਜੀਤ ਸਿੰਘ ਅੰਮੋਨੰਗਲ ਦਾ ਝੋਟਾ ਚੁਣਿਆ ਗਿਆ।
ਇਨ੍ਹਾਂ ਸਾਰੇ ਹੀ ਜੇਤੂ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ 5.50 ਲੱਖ ਰੁਪਏ ਦੇ ਨਕਦ ਇਨਾਮ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਵੱਲੋਂ ਵੰਡੇ ਗਏ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਹਾਜ਼ਰ ਕਿਸਾਨਾਂ ਅਤੇ ਮੇਲੇ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਮੁੱਖ ਮਹਿਮਾਨ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਪਸ਼ੂ ਪਾਲਣ ਧੰਦਾ ਬਹੁਤ ਹੀ ਫਾਇਦੇਮੰਦ ਧੰਦਾ ਹੈ ਅਤੇ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਕਿੱਤੇ ਨੂੰ ਵੱਧ ਤੋਂ ਵੱਧ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਕਿਤੇ ਨੂੰ ਹਰ ਪੱਖ ਤੋਂ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਸਬਸਿਡੀ ‘ਤੇ ਮਾਲੀ ਸਹਾਇਤਾ, ਮੁਫਤ ਸਿਖਲਾਈ ਤੇ ਹਰ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ। ਬਟਾਲਾ ਪਸ਼ੂਧਨ ਮੇਲੇ ਦੀ ਸਫਲਤਾ ‘ਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਸ. ਧੁੱਗਾ ਨੇ ਕਿਹਾ ਕਿ ਮੇਲੇ ਦੌਰਾਨ ਕਿਸਾਨਾਂ ਵੱਲੋਂ ਜੋ ਪਸ਼ੂ ਧੰਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਹੋਰ ਕਿਸਾਨਾਂ ਨੂੰ ਵੀ ਪਸ਼ੂ ਪਾਲਣ ਦੇ ਕਿੱਤੇ ਵੱਲ ਪ੍ਰੇਰਤ ਕਰਨ ਦਾ ਸਰੋਤ ਬਣੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਆਪਣੇ ਸੰਬੋਧਨ ‘ਚ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵਿਦੇਸ਼ਾਂ ‘ਚ ਜਾਣ ਦੀ ਬਜਾਏ ਆਪਣੇ ਦੇਸ਼ ‘ਚ ਹੀ ਮਿਹਨਤ ਨਾਲ ਕੰਮ ਕਰਨ ਤਾਂ ਉਹ ਇਥੇ ਹੀ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਸ਼ੂ ਧੰਨ ਮੇਲੇ ਹੋਰ ਕਿਸਾਨਾਂ ਨੂੰ ਵੀ ਪਸ਼ੂ ਪਾਲਣ ਸਮੇਤ ਹੋਰ ਸਹਾਇਕ ਧੰਦਿਆਂ ਨੂੰ ਸ਼ੁਰੂ ਕਰਨ ਲਈ ਪ੍ਰੇਰਨਾ ਦੇਣਗੇ।
ਇਸ ਮੌਕੇ ਸੱਜਣ ਸਿੰਘ ਬੱਜੂਮਾਨ, ਡਾ. ਗੁਰਦੇਵ ਸਿੰਘ, ਡਾ. ਸਰਵਨ ਸਿੰਘ, ਹਰਪਾਲ ਸਿੰਘ ਖੈਹਿਰਾ ਸਾਬਕਾ ਸਰਪੰਚ ਹਰਪੁਰਾ, ਡਾ. ਜੋਗਿੰਦਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ ਰੰਧਾਵਾ, ਖੇਤੀਬਾੜੀ ਅਫਸਰ ਅਵਤਾਰ ਸਿੰਘ ਬੁੱਟਰ, ਅਮਰਬੀਰ ਸਿੰਘ ਕਾਹਲੋਂ, ਡਾ. ਮਨਪ੍ਰੀਤ ਕੌਰ, ਡਾ. ਲਖਵਿੰਦਰ ਸਿੰਘ, ਡਾ. ਕਿਰਨਪ੍ਰੀਤ ਕੌਰ, ਅਮਨਦੀਪ, ਸੁਭਾਸ਼ ਚੰਦਰ, ਬੁੱਧ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਸ਼ੂ ਪਾਲਕ, ਕਿਸਾਨ ਅਤੇ ਦਰਸ਼ਕ ਹਾਜ਼ਰ ਸਨ। ਪਸ਼ੂਧਨ ਮੇਲੇ ਦੌਰਾਨ ਸਰਕਾਰੀ ਸਕੂਲ ਦੇ ਬੱਚਿਆਂ ਨੇ ਦੋਵੇਂ ਦਿਨ ਸੱਭਿਆਚਰਾਕ ਪ੍ਰੌਗਰਾਮਾਂ ਰਾਹੀਂ ਰੌਣਕ ਨੂੰ ਬੰਨੀ ਰੱਖਿਆ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply